ਚੰਡੀਗੜ੍ਹ: ਪੰਜਾਬ ਦੀ ਜਨਤਾ ਔਖੀ ਹੈ ਕਿ ਕਾਂਗਰਸੀ ਮੰਤਰੀਆਂ ਤੇ ਲੀਡਰਾਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਲਈ ਪਿੰਡਾਂ ਵਿੱਚ ਕੁਝ ਕਾਂਗਰਸੀ ਲੀਡਰਾਂ ਦਾ ਵਿਰੋਧ ਵੀ ਹੋਇਆ। ਆਖਰ ਅਲੋਚਨਾ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ। ਮੰਤਰੀ ਲੋਕਾਂ ਦਾ ਹਾਲ-ਚਾਲ ਜਾਣਨ ਲਈ ਹਲਕਿਆਂ ਵਿੱਚ ਉੱਤਰੇ ਹਨ। ਹੁਣ ਇਸ ਤੋਂ ਆਮ ਆਦਮੀ ਪਾਰਟੀ ਔਖੀ ਹੈ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਆਪਣੇ ਮੰਤਰੀਆਂ ਸਮੇਤ ਅਕਾਲੀ-ਕਾਂਗਰਸੀ ਵਿਧਾਇਕਾਂ ਨੂੰ ਟਿਕ ਕੇ ਬੈਠਣ ਲਈ ਪਾਬੰਦ ਕਰਨ। ਉਨ੍ਹਾਂ ਕਿਹਾ ਕਿ ਇਹ ਲੀਡਰ ਕਰਫ਼ਿਊ ਦੌਰਾਨ ਨਿਯਮ-ਕਾਨੂੰਨ ਛਿੱਕੇ ਟੰਗ ਕੇ ਕਾਫ਼ਲਿਆਂ ਨਾਲ ਘੁੰਮ ਰਹੇ ਹਨ। ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਖ਼ਤ ਇਤਰਾਜ਼ ਕਰਦਿਆਂ ਪੁੱਛਿਆ ਕਿ ਮੰਤਰੀ ਤੇ ਵਿਧਾਇਕਾਂ ਨੂੰ ਕਿਸ ਹੈਸੀਅਤ 'ਚ ਧਾਰਾ 144 ਤੇ ਕਰਫ਼ਿਊ ਦੀ ਉਲੰਘਣਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ?

ਭਗਵੰਤ ਮਾਨ ਨੇ ਕੈਪਟਨ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕੋਰੋਨਾਵਾਇਰਸ 'ਤੇ ਫ਼ਤਿਹ ਪਾਉਣ ਲਈ ਜ਼ੀਰੋ ਜਨ ਸੰਪਰਕ ਹੀ ਇਕਲੌਤਾ ਉਪਾਅ ਹੈ, ਕਿਉਂਕਿ ਅਜੇ ਤੱਕ ਇਸ ਜਾਨਲੇਵਾ ਬਿਮਾਰੀ 'ਤੇ ਕਾਬੂ ਪਾਉਣ ਲਈ ਕੋਈ ਦਵਾਈ ਜਾਂ ਵੈਕਸੀਨੇਸ਼ਨ ਨਹੀਂ ਬਣੀ। ਪਰ ਸੱਤਾਧਾਰੀ ਕਾਂਗਰਸ ਤੇ ਲੋਕਾਂ ਦੀ ਨਫ਼ਰਤ ਦਾ ਪਾਤਰ ਬਣੇ ਅਕਾਲੀ ਦਲ (ਬਾਦਲ) ਦੇ ਆਗੂ ਕਾਫ਼ਲੇ ਬੰਨ ਕੇ ਗਲੀਆਂ-ਮੁਹੱਲਿਆਂ 'ਚ ਘੁੰਮ ਰਹੇ ਹਨ, ਜੋ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ। ਇਸ ਲਈ ਗ਼ਰੀਬਾਂ ਤੇ ਲੋੜਵੰਦਾਂ ਦੇ ਨਾਮ 'ਤੇ ਬੇਹੱਦ ਹਲਕੀ ਤੇ ਹੋਛੀ ਸਿਆਸਤ ਕਰ ਰਹੇ ਇਨ੍ਹਾਂ ਡਰਾਮੇ ਬਾਜ਼ਾਂ ਨੂੰ ਨੱਥ ਪਾਈ ਜਾਵੇ।

'ਆਪ' ਆਗੂਆਂ ਨੇ ਕਿਹਾ ਕਿ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਰਾਸ਼ਨ ਵਾਲਾ ਥੈਲਾ ਦਿੰਦਿਆਂ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਪਾਏ ਬਗੈਰ ਘਰੇ ਬੈਠੇ-ਬਿਠਾਏ ਵੀ ਜ਼ਿਆਦਾ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ? ਚੀਮਾ ਨੇ ਕਿਹਾ ਕਿ ਇਹ ਦਿਖਾਵੇ ਦੀ ਮਦਦ ਹੋਛੀ ਸਿਆਸਤ ਚਮਕਾਉਣ ਲਈ ਹੈ, ਦੂਜੇ ਪਾਸੇ ਅਜਿਹਾ ਕਰਕੇ ਗ਼ਰੀਬਾਂ ਦੀ ਗ਼ਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਜੋ ਨੈਤਿਕ ਤੌਰ 'ਤੇ ਬਿਲਕੁਲ ਸਹੀ ਨਹੀਂ।
ਇਸ ਲਈ ਸਾਧੂ ਸਿੰਘ ਧਰਮਸੋਤ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ ਤੇ ਬਿਕਰਮ ਸਿੰਘ ਮਜੀਠੀਆ ਸਮੇਤ ਇਸ ਤਰਾਂ ਦੀ ਹਲਕੀ ਰਾਜਨੀਤੀ ਕਰ ਰਹੇ ਸਾਰੇ ਮੰਤਰੀਆਂ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ, ਕਿਉਂਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ।