ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਕਾਂਗਰਸ ਉੱਪਰ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਇਲਜ਼ਾਮ ਲਾ ਕੇ ਖੁਦ ਹੀ ਘਿਰ ਗਏ ਹਨ। ਕਾਂਗਰਸ ਨੇ ਸਵਾਲ ਕੀਤਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ 78 ਵਿਧਾਇਕ ਹਨ ਤਾਂ ਫਿਰ ਹੋਰ ਵਿਧਾਇਕ ਖਰੀਦਣ ਦੀ ਕੀ ਲੋੜ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵਿਧਾਇਕ ਉਹ ਖਰੀਦਦਾ ਹੈ ਜਿਸ ਕੋਲ ਬਹੁਮਤ ਨਾ ਹੋਵੇ।

ਉਧਰ, ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਭਗਵੰਤ ਮਾਨ ਨੂੰ ਕਾਨੂੰਨੀ ਦਾਅ ਪੇਚਾਂ ਵਿੱਚ ਉਲਝਾਉਣਗੇ। ਉਹ ਭਗਵੰਤ ਮਾਨ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਦੇਣ ਦੀ ਤਿਆਰੀ ਕਰ ਰਹੇ ਹਨ। ਭਗਵੰਤ ਮਾਨ ਨੇ ਮਾਨਸ਼ਾਹੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਸਮੇਂ ਪੈਸਿਆਂ ਦਾ ਲੈਣ-ਦੇਣ ਬਾਰੇ ਦਾਅਵਾ ਕੀਤੀ ਸੀ। ਮਾਨਸ਼ਾਹੀਆ ਇਸ ਤੋਂ ਕਾਫੀ ਖਫਾ ਹਨ। ਮਾਨਸ਼ਾਹੀਆ ਦਾ ਕਹਿਣਾ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹਨ, ਜਿਸ ਕਰਕੇ ਉਨ੍ਹਾਂ ਨੂੰ ਅਜਿਹੇ ਬੇਤੁਕੇ ਬਿਆਨ ਦੇਣ ਤੋਂ ਪਹਿਲਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਦੇ ਆਗੂ ਸਿਆਸੀ ਬਿਆਨ ਅਕਸਰ ਇੱਕ-ਦੂਜੇ ਖ਼ਿਲਾਫ਼ ਦਿੰਦੇ ਰਹਿੰਦੇ ਹਨ, ਪਰ ਪੈਸਿਆਂ ਦੇ ਲੈਣ-ਦੇਣ ਬਾਰੇ ਦੋਸ਼ ਲਾਉਣੇ ਕਾਨੂੰਨੀ ਅਪਰਾਧ ਵੀ ਹੈ ਤੇ ਸਿਆਸੀ ਤੌਰ ’ਤੇ ਅਸੂਲਾਂ ਖ਼ਿਲਾਫ਼ ਵੀ ਹੈ।