ਚੰਡੀਗੜ੍ਹ: ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਤਿੰਨ ਕਰੋੜ ਰੁਪਏ ਤੋਂ ਵੱਧ 'ਚ ਪਿਆ ਹੈ। ਅਹਿਮ ਗੱਲ ਹੈ ਕਿ ਇਹ ਸਮਾਗਮ ਸਿਰਫ 15 ਮਿੰਟਾਂ ਵਿੱਚ ਹੀ ਨਿੱਬੜ ਗਿਆ। ਇਸ ਲਈ ਸੋਸ਼ਲ ਮੀਡੀਆ ਉੱਪਰ ਅਲੋਚਨਾ ਵੀ ਹੋ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਭਗਵੰਤ ਮਾਨ ਨੂੰ ਹਲਫ਼ ਦਿਵਾਉਣ ਲਈ ਰੱਖਿਆ ਸਮਾਗਮ ਪੰਜਾਬ ਸਰਕਾਰ ਨੂੰ ਤਿੰਨ ਕਰੋੜ ਰੁਪਏ ਵਿੱਚ ਪਿਆ ਹੈ। ਹਲਫ਼ਦਾਰੀ ਸਮਾਗਮ ਕੁੱਲ ਮਿਲਾ ਦੇ 17 ਮਿੰਟਾਂ ਵਿੱਚ ਨਿੱਬੜ ਗਿਆ। ਅਹੁਦੇ ਦੇ ਭੇਤ ਗੁਪਤ ਰੱਖਣ ਲਈ ਰਸਮੀ ਸਹੁੰ ਚੁੱਕਣ ਨੂੰ ਮਹਿਜ਼ ਪੰਜ ਮਿੰਟ ਲੱਗੇ। ਦੋ ਮਿੰਟ ਦਸਤਾਵੇਜ਼ੀ ਕਾਰਵਾਈ ’ਤੇ ਲੱਗੇ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਮੰਚ ਤੋਂ ਹੇਠਾਂ ਉੱਤਰਨ ਮਗਰੋਂ ਭਗਵੰਤ ਮਾਨ ਨੇ ਆਪਣੀ ਤਕਰੀਰ ਲਈ 10 ਮਿੰਟ ਲਏ।
160 ਏਕੜ ਦੇ ਕਰੀਬ ਵਾਹੀਆਂ ਫਸਲਾਂ ਦਾ ਦਿੱਤਾ ਮੁਆਵਜ਼ਾ
ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਹੁ ਚੁੱਕ ਸਮਾਗਮ ਲਈ ਵਾਹੀਆਂ ਫਸਲਾਂ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਸਥਾਨਕ ਪ੍ਰਸਾਸ਼ਨ ਵੱਲੋਂ 56,047,99 ਦੀ ਰਕਮ ਵੰਡ ਦਿੱਤੀ ਗਈ ਹੈ। ਬਾਕੀ ਚੈੱਕ ਉਪਲੱਬਧ ਵੇਰਵਿਆਂ ਅਨੁਸਾਰ ਤਿਆਰ ਕੀਤੇ ਜਾ ਰਹੇ ਹਨ। ਵਿਰੋਧੀ ਧਿਰਾਂ ਫਸਲ ਵਾਹੁਣ ਨੂੰ ਮੁੱਦਾ ਬਣਾ ਰਹੀਆਂ ਸੀ। ਇਸ ਲਈ ਸਰਕਾਰ ਨੇ ਮੌਕਾ ਸੰਭਾਲਦਿਆਂ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇ ਦਿੱਤਾ ਹੈ।
ਦੱਸ ਦਈਏ ਕਿ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਹੁ ਚੁੱਕ ਸਮਾਗਮ ਦੌਰਾਨ ਪਾਰਕਿੰਗ ਲਈ 160 ਏਕੜ ਦੇ ਕਰੀਬ ਜ਼ਮੀਨ ਖਾਲੀ ਕਰਾਈ ਗਈ ਸੀ। ਇਸ ਲਈ ਕਣਕ, ਆਲੂ, ਕਮਾਦ ਤੇ ਸਰ੍ਹੋਂ ਆਦਿ ਫ਼ਸਲਾਂ ਵਾਹੀਆਂ ਗਈਆਂ ਸਨ। ਫ਼ਸਲਾਂ ਦੀ ਇਸ ਕਦਰ ਕਟਾਈ ਨੂੰ ਵਿਰੋਧੀ ਧਿਰਾਂ ਨੇ ਅਲੋਚਨਾ ਦਾ ਮੁੱਦਾ ਬਣਾਇਆ ਸੀ। ਪ੍ਰਸ਼ਾਸਨ ਨੇ ਇਸ ਮੁੱਦੇ ਨੂੰ ਹੋਰ ਤੂਲ ਮਿਲਣ ਤੋਂ ਪਹਿਲਾਂ ਹੀ ਉਕਤ ਖੇਤਾਂ ਦੇ ਮਾਲਕਾਂ/ਕਾਸ਼ਤਕਾਰਾਂ ਦੀ ਮੰਗ ਮੁਤਾਬਕ ਢੁਕਵਾਂ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ।