ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਿਛਲੇ ਦਿਨਾਂ ਤੋਂ ਜਾਰੀ ਗੁਰਦੁਆਰਾ ਐਕਟ ਵਿਵਾਦ 'ਤੇ ਅਕਾਲੀ ਦਲ 'ਤੇ ਤਿੱਖਾ ਨਿਸ਼ਾਨਾ ਲਾਇਆ ਹੈ। ਮਾਨ ਨੇ ਅਕਾਲੀ ਦਲ ਵੱਲੋਂ ਲੋਕਾਂ ਨੂੰ ਮੂਰਖ ਬਣਾਉਣ ਦਾ ਦੋਸ਼ ਲਾਇਆ। ਮਾਨ ਨੇ ਕੈਪਟਨ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਗਿਆਨ ਵਿਸ਼ੇ ਦੀ ਪੜ੍ਹਾਈ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਕਰਵਾਉਣ ਦੀ ਵੀ ਅਲੋਚਨਾ ਕੀਤੀ।
ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਬਾਹਰਲੇ ਲੋਕ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇ ਰਹੇ ਹਨ ਜਦਕਿ ਹਰਸਿਮਰਤ ਬਾਦਲ ਸਮ੍ਰਿਤੀ ਇਰਾਨੀ ਨਾਲ ਕਿੱਕਲੀ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਆਰਐਸਐਸ ਤੇ ਬੀਜੇਪੀ ਨੇ ਵੀ ਕਹਿ ਦਿੱਤਾ ਕਿ ਹਰਸਿਮਰਤ ਬਾਦਲ ਤੇ ਉਨ੍ਹਾਂ ਦੀ ਪਾਰਟੀ ਦੀ ਟਿਕਟ ਨਾਲ ਵਿਧਾਇਕ ਬਣੇ ਮਨਜਿੰਦਰ ਸਿੰਘ ਸਿਰਸਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਮਾਨ ਨੇ ਕਿਹਾ ਕਿ ਆਰਐਸਐਸ ਹੁਣ ਗੁਰਦੁਆਰਿਆਂ 'ਚ ਘੁਸਪੈਠ ਕਰ ਰਹੀ ਹੈ ਇਸ ਲਈ ਲੋਕ ਸਾਡੇ ਨਾਲ ਜੁੜ ਕੇ ਉਨ੍ਹਾਂ ਦਾ ਟਾਕਰਾ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਦਲ ਟਕਸਾਲੀ ਅਤੇ ਬੀਐਸਪੀ ਨਾਲ ਗਠਜੋੜ ਦੀ ਗੱਲਬਾਤ ਚਲਾ ਰਹੇ ਹਾਂ। ਹਾਲਾਂਕਿ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਸ਼ਾਮਲ ਉਕਤ ਦੋਵੇਂ ਪਾਰਟੀਆਂ ਨੇ ਆਪਣੀਆਂ ਰੈਲੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਤੇ 'ਆਪ' ਉੱਥੋਂ ਗ਼ੈਰਹਾਜ਼ਰ ਹੀ ਰੱਖੀ ਗਈ ਸੀ।