ਚੰਡੀਗੜ੍ਹ: ਐਤਵਾਰ ਵਾਲੇ ਦਿਨ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਛਾ ਗਈ। ਮੌਸਮ ਵਿਭਾਗ ਮੁਤਾਬਕ ਜ਼ਿਆਦਾਤਰ ਧੁੰਦ ਸਵੇਰ ਸਮੇਂ ਪਈ, ਜਦਕਿ ਰਾਤ ਸਮੇਂ ਮੌਸਮ ਸਾਫ ਸੀ।
ਅਚਾਨਕ ਪਈ ਧੁੰਦ ਕਾਰਨ ਸੜਕੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਕਈ ਥਾਈਂ ਦ੍ਰਿਸ਼ਟੀ 100 ਮੀਟਰ ਵੀ ਨਹੀਂ ਰਹੀ। ਅੰਮ੍ਰਿਤਸਰ ਤੋਂ ਅੰਬਾਲਾ ਅਤੇ ਅੰਬਾਲਾ ਤੋਂ ਦਿੱਲੀ ਕੌਮੀ ਸ਼ਾਹਰਾਹ 'ਤੇ ਹਾਲਤ ਕਾਫੀ ਖ਼ਰਾਬ ਸੀ। ਸੰਘਣੀ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਹੋ ਗਈ। ਹਾਲੇ ਤਕ ਧੁੰਦ ਕਾਰਨ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ।
ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਐਤਵਾਰ ਸਵੇਰ ਦਾ ਤਾਪਮਾਨ ਤਿੰਨ ਤੋਂ ਨੌਂ ਡਿਗਰੀ ਸੈਂਟੀਗ੍ਰੇਡ ਦਰਮਿਆਨ ਆ ਗਿਆ। ਜਦਕਿ ਸ਼ਨੀਵਾਰ ਨੂੰ ਤਾਪਮਾਨ 14 ਤੋਂ 22 ਡਿਗਰੀ ਦਰਜ ਕੀਤਾ ਗਿਆ ਸੀ। ਹਾਲਾਂਕਿ, ਦੁਪਹਿਰ ਤਕ ਧੁੰਦ ਕਾਫੀ ਹੱਦ ਤਕ ਘੱਟ ਹੋ ਗਈ ਸੀ ਤੇ ਧੁੱਪ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ।