ਲੁਧਿਆਣਾ: ਬਾਦਲ ਪਰਿਵਾਰ ਦੀ ਡੱਬਵਾਲੀ ਟਰਾਂਸਪੋਰਟ ਕੰਪਨੀ ਵੱਲੋਂ ਕੁਚਲੇ ਗਏ ਪਿਉ-ਪੁੱਤ ਦੇ ਮਾਮਲੇ ਉੱਤੇ ਆਮ ਆਦਮੀ ਪਾਰਟੀ ਨੇ ਡਰਾਈਵਰ ਦੇ ਨਾਲ-ਨਾਲ ਕੰਪਨੀ ਦੇ ਮਾਲਕ ਤੇ ਮੈਨੇਜਰ ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਫ਼ਿਰੋਜ਼ਪੁਰ ਰੋਡ ‘ਤੇ ਬੱਦੋਵਾਲ ਆਰਮੀ ਕੈਂਪ ਕੋਲ ਵੀਰਵਾਰ ਨੂੰ ਹੋਏ ਹਾਦਸੇ ਨੂੰ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਅਤੀ ਦੁਖਦ ਦੱਸਦਿਆਂ ਇਸ ਦੀ ਨਿੰਦਾ ਕੀਤੀ।










ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਭਗਵੰਤ ਮਾਨ ਨੇ ਆਖਿਆ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਪੰਜਾਬ ਵਿੱਚ ਸੜਕਾਂ ਉੱਤੇ ਰੋਡ ਟੈਰੋਰਿਜ਼ਮ ਫੈਲਾਇਆ ਹੋਇਆ ਹੈ। ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਰੇ ਜਾਣਦੇ ਹਨ ਕਿ ਪੰਜਾਬ ਵਿੱਚ ਇਨ੍ਹਾਂ ਬੱਸਾਂ ਦਾ ਮਾਲਕ ਕੌਣ ਹੈ। ਉਨ੍ਹਾਂ ਆਖਿਆ ਕਿ ਅਜਿਹੀਆਂ ਘਟਨਾਵਾਂ ਸੱਤਾ ਦੇ ਨਸ਼ੇ ਕਾਰਨ ਹੋ ਰਹੀਆਂ ਹਨ। ਉਨ੍ਹਾਂ ਆਖਿਆ ਕਿ ਬਾਦਲਾਂ ਦੀਆਂ ਬੱਸਾਂ ਥੱਲੇ ਆਉਣ ਵਾਲੇ ਲੋਕਾਂ ਲਈ ਇਨ੍ਹਾਂ ਨੇ 10 ਤੋਂ 12 ਲੱਖ ਰੁਪਏ ਕੀਮਤ ਰੱਖੀ ਹੋਈ ਹੈ।











ਇਸ ਦੇ ਨਾਲ ਹੀ ਭਗਵੰਤ ਮਾਨ ਬਾਦਲ ਪਰਿਵਾਰ ਦੀਆਂ ਸਾਰੀਆਂ ਬੱਸਾਂ ਦੀ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਤਾਂ ਕਿ ਪਤਾ ਲੱਗ ਸਕੇ ਕਿ ਇਨ੍ਹਾਂ ਨੂੰ ਇੰਨੇ ਰੂਟ ਕਿਵੇਂ ਮਿਲੇ। ਭਗਵੰਤ ਮਾਨ ਨੇ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਨੂੰ ਖਾਰਜ ਕਰਦਿਆਂ 302 ਦੇ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ। ਨਾਲ ਹੀ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੁਲਿਸ ਪੀੜਤਾਂ ਉੱਤੇ ਸਮਝੌਤੇ ਦਾ ਦਬਾਅ ਪਾ ਰਹੀ ਹੈ।