ਕੇਜਰੀਵਾਲ ਦੇ ਥਾਪੜੇ ਮਗਰੋਂ ਖਹਿਰਾ ਧੜੇ 'ਤੇ ਵਰ੍ਹੇ ਭਗਵੰਤ ਮਾਨ
ਏਬੀਪੀ ਸਾਂਝਾ | 07 Aug 2018 04:03 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਥਾਪੜੇ ਮਗਰੋਂ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਬਾਗੀ ਧੜੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਮਗਰੋਂ ਹੀ ਖਹਿਰਾ ਨੇ ਪੰਜਾਬ ਤੇ ਦਿੱਲੀ ਦਾ ਮੁੱਦਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ 26 ਜੁਲਾਈ ਤੱਕ 'ਆਪ' ਠੀਕ ਸੀ। ਜਦੋਂ ਵਿਰੋਧੀ ਧਿਰ ਦੀ ਲੀਡਰੀ ਖੁੱਸੀ ਤਾਂ ਪੰਜਾਬ ਨੂੰ ਖੁਦਮੁਖਤਿਆਰੀ ਦੀ ਯਾਦ ਆ ਗਈ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਲੋਕ ਇਨਸਾਫ ਪਾਰਟੀ ‘ਚ ਜਾਣ ਦੀ ਤਿਆਰੀ ਵਿੱਚ ਸੀ। ਉਨ੍ਹਾਂ ਕਿਹਾ ਕਿ ਖਹਿਰਾ ਮੌਕਾਪ੍ਰਸਤ ਹੈ ਤੇ ਉਹ ਪਾਰਟੀ ਨੂੰ ਤੋੜਨਾ ਚਾਹੁੰਦਾ ਹੈ ਪਰ ਪਾਰਟੀ ਵੱਡੀ ਹੁੰਦੀ ਹੈ ਨਾ ਕਿ ਕੋਈ ਵਿਅਕਤੀ ਵਿਸ਼ੇਸ਼। ਉਨ੍ਹਾਂ ਕਿਹਾ ਕਿ ਬਠਿੰਡਾ ਕਨਵੈਨਸ਼ਨ ਵਿੱਚ ਅਕਾਲੀ ਦਲ ਤੇ ਕਾਂਗਰਸ ਦੀ ਮਦਦ ਨਾਲ ਹੀ ਭੀੜ ਇਕੱਠੀ ਕੀਤੀ ਸੀ। ਮਾਨ ਨੇ ਖਹਿਰਾ ਨੂੰ ਚੈਲੰਜ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਭੁਲੱਥ ਤੋਂ ਹਲਕਿਆਂ ‘ਚ ਚੱਲਣਾ ਸ਼ੁਰੂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਿਸੇ ਤੋਂ ਡਰਦਾ ਨਹੀਂ ਤੇ ਨਾ ਹੀ ਆਪਣੀ ਪੰਜਾਬੀਅਤ ਬਾਰੇ ਪਛਾਣ ਦੇਣ ਦੀ ਕੋਈ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਦੀ ਹੈ ਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇਸ ਚਾਲਕਾਂ ਦੇ ਟੋਲੇ ਤੋਂ ਬਚੋ। ਉਨ੍ਹਾਂ ਖਹਿਰਾ ਦੇ ਸਾਥੀ ਕਵਰ ਸੰਧੂ 'ਤੇ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖਰੜ ਤੋਂ ਹੀ ਚੋਣ ਲੜਨ ਦੀ ਜ਼ਿੱਦ ਕੀਤੀ ਸੀ। ਭਗਵੰਤ ਮਾਨ ਨੇ ਕਿਹਾ, "ਮੈਂ 10 ਦਿਨ ਤੱਕ ਹਸਪਤਾਲ ਰਿਹਾ ਹਾਂ ਤੇ ਮੈਂ ਹਸਪਤਾਲ ‘ਚੋਂ ਖਹਿਰਾ ਦੇ ਰਿਐਕਸ਼ਨ 'ਤੇ ਪੋਸਟ ਵੀ ਪਾਈ ਸੀ। ਮੈਨੂੰ ਦੁੱਖ ਹੈ ਕਿ ਮੇਰੀ ਬਿਮਾਰੀ ਦਾ ਮਜ਼ਾਕ ਬਣਾਇਆ ਗਿਆ।" ਉਨ੍ਹਾਂ ਕਿਹਾ ਕਿ ਖਹਿਰਾ ਨਾਲ ਕੋਈ ਮਤਲਬ ਨਹੀਂ। ਪੰਜਾਬ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ। ਬਰਨਾਲਾ ਤੋਂ ਵਿਧਾਇਕ ਮੀਤ ਹੇਰ ਨੇ ਵੀ ਖਹਿਰਾ ਖਿਲਾਫ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਅਹੁਦੇ ਤੋਂ ਲਾਹੁਣ ਕਰਕੇ ਖਹਿਰਾ ਨੇ ਝੰਡਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਹਟਾਉਣ ਲਈ ਜੇਕਰ ਵਿਧਾਇਕਾਂ ਦੇ ਜਾਅਲੀ ਦਸਖ਼ਤ ਕੀਤੇ ਗਏ ਹਨ ਤਾਂ ਚਿੱਠੀ ਕਢਵਾ ਕੇ ਪਰਚਾ ਦਰਜ ਕਰਾਉਣ। ਮੀਤ ਹੇਰ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਨਸ਼ੇ ਦੀ ਮੁੱਦੇ 'ਤੇ ਮਾਫੀ ਮੰਗਣ ਬਾਰੇ ਖਹਿਰਾ ਤੇ ਸੰਧੂ ਨੂੰ ਪਤਾ ਸੀ। ਉਨ੍ਹਾਂ ਕਿਹਾ ਕਿ ਕਵਰ ਸੰਧੂ ਨੇ ਦਿੱਲੀ ਦੀ ਮੀਟਿੰਗ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਲੀਡਰ ਲਾਓ, ਉਹ ਖਹਿਰਾ ਨੂੰ ਸੰਭਾਲ ਲੈਣਗੇ।