ਜਗਰਾਓਂ: ਐਬਟਸਫੋਰਡ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿੱਚ 20 ਸਾਲਾ ਪੰਜਾਬੀ ਨੌਜਵਾਨ ਗਗਨ ਧਾਲੀਵਾਲ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਭੂਆ ਦਾ ਪੁੱਤ ਜ਼ਖ਼ਮੀ ਹੋ ਗਿਆ। ਇਸ ਘਟਨਾ ਮਗਰੋਂ ਐਬਟਸਫੋਰਡ ਪੁਲਿਸ ਗੈਂਗ ਹਿੰਸਾ ਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁੜ ਸਰਗਰਮ ਹੋ ਗਈ ਹੈ।   ਗਗਨ ਧਾਲੀਵਾਲ ਜਗਰਾਓਂ ਨੇੜਲੇ ਪਿੰਡ ਅਗਵਾੜ ਲੋਪੋਂ ਨਾਲ ਸਬੰਧਤ ਸੀ। ਉਸ ਦੇ ਪਿਤਾ ਗੁਰਚਰਨ ਸਿੰਘ ਧਾਲੀਵਾਲ ਐਬਟਸਫੋਰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਗਗਨ ਦੇ ਪਿਤਾ ਨੇ ਕਿਹਾ ਕਿ ਗੈਂਗ ਵਾਰ ਦੇ ਚੱਲਦਿਆਂ ਉਨ੍ਹਾਂ ਕੁਝ ਮਹੀਨੇ ਪਹਿਲਾਂ ਗਗਨ ਨੂੰ ਪੰਜਾਬ ਭੇਜ ਦਿੱਤਾ ਸੀ। ਉਹ ਅਜੇ ਕੁਝ ਦਿਨ ਪਹਿਲਾਂ ਹੀ ਵਾਪਸ ਕੈਨੇਡਾ ਆਇਆ ਸੀ। ਬੀਤੀ ਰਾਤ ਉਹ ਆਪਣੀ ਭੂਆ ਦੇ ਪੁੱਤ ਨਾਲ ਗੈਰਾਜ ਵਿੱਚ ਬੈਠਾ ਸੀ ਕਿ ਹਮਲਾਵਰਾਂ ਨੇ ਨੇੜਿਓਂ ਆ ਕੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਤੇ ਫ਼ਰਾਰ ਹੋ ਗਏ। ਉਧਰ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੱਥ ਹਮਲਾਵਰਾਂ ਬਾਰੇ ਕੁਝ ਸੁਰਾਗ ਲੱਗੇ ਹਨ। ਗਗਨ ਦੀ ਛਾਤੀ ਵਿੱਚ ਲੱਗੀਆਂ ਦੋ ਗੋਲੀਆਂ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ 15 ਸਾਲਾ ਲੜਕੇ ਦੀ ਹਾਲਤ ਸਥਿਤ ਦੱਸੀ ਜਾਂਦੀ ਹੈ।