ਇਮਰਾਨ ਖਾਨ ਦੀ ਪਾਰਟੀ ’ਚ ਉਸ ਦੀ ਮਤਰੇਈ ਧੀ ਸ਼ਾਮਲ
ਏਬੀਪੀ ਸਾਂਝਾ | 07 Aug 2018 11:08 AM (IST)
ਇਸਲਾਮਾਬਾਦ: ਪਾਕਿਸਤਾਨ ਦੇ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮਤਰੇਈ ਧੀ ਮੇਹਰੂ ਮਨੇਕਾ ਕੱਲ੍ਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਵਿੱਚ ਸ਼ਾਮਲ ਹੋਈ। ਪਾਕਿਸਤਾਨੀ ਅਖਬਾਰ ਡਾਅਨ ਦੀ ਖਬਰ ਮੁਤਾਬਕ ਖਾਨ ਦੀ ਤੀਜੀ ਪਤਨੀ ਬੁਸ਼ਰਾ ਮਨੇਕਾ ਦੀ ਧੀ ਮੇਹਰੂ ਅਧਿਕਾਰਿਤ ਤੌਰ ’ਤੇ ਪਾਰਟੀ ’ਚ ਸ਼ਾਮਲ ਹੋਈ। ਪਾਰਟੀ ਵੱਲੋਂ ਉਸ ਨੂੰ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਇਮਰਾਨ ਖਾਨ ਨੇ ਇਸੇ ਸਾਲ ਫਰਵਰੀ ਵਿੱਚ ਲਾਹੌਰ ’ਚ ਮਨੇਕਾ ਨਾਲ ਵਿਆਹ ਕਰਾਇਆ ਸੀ। ਉਹ ਇਸਲਾਮ ਦੀ ਸੂਫੀ ਸ਼ਾਖਾ ਦੀ ਲੋਕਪ੍ਰਿਯ ਵਿਦਵਾਨ ਤੇ ਧਰਮਗੁਰੂ ਹੈ। ਪੀਟੀਆਈ ਮੁਖੀ ਨਾਲ ਵਿਆਹ ਕਰਾਉਣ ਦੇ ਬਾਵਜੂਦ ਮਨੇਕਾ ਨੂੰ ਸਿਆਸਤ ਵਿੱਚ ਕੋਈ ਰੁਚੀ ਨਹੀਂ ਹੈ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਅਜੇ ਤਕ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਪਰ ਕਿਹਾ ਜਾ ਰਿਹਾ ਹੈ ਕਿ ਉਹ 14 ਅਗਸਤ ਨੂੰ ਸੁਤੰਤਰਤਾ ਦਿਵਸ ਵਾਲੇ ਦਿਨ ਸਹੁੰ ਚੁੱਕ ਸਕਦੇ ਹਨ।