ਵਾਸ਼ਿੰਗਟਨ: ਯੂਟਿਊਬ 'ਤੇ ਖਿਡੌਣਿਆਂ ਦੇ ਰੀਵਿਊ ਕਰਕੇ ਪਿਛਲੇ ਸਾਲ ਕਰੀਬ 75 ਕਰੋੜ ਰੁਪਏ ਕਮਾਉਣ ਵਾਲੇ 6 ਸਾਲਾ ਬੱਚੇ ਰਾਇਨ ਨੇ ਰਿਟੇਲ ਕੰਪਨੀ ਵਾਲਮਾਰਟ ਨਾਲ ਡੀਲ ਸਾਈਨ ਕੀਤੀ ਹੈ। ਇਸ ਤਹਿਤ ਵਾਲਮਾਰਟ ਹੁਣ ਅਮਰੀਕਾ 'ਚ ਆਪਣੇ 2500 ਸਟੋਰਾਂ 'ਤੇ ਬੱਚੇ ਦੇ ਖੁਦ ਦੇ ਬ੍ਰਾਂਡ ਦੇ ਖਿਡੌਣੇ ਵੇਚੇਗਾ। ਕੰਪਨੀ ਨੇ ਬ੍ਰਾਂਡ ਦਾ ਨਾਂ ਵੀ 'ਰਾਇਨ ਵਰਲਡ' ਰੱਖਿਆ ਹੈ।


ਜ਼ਿਕਰਯੋਗ ਹੈ ਕਿ ਰਾਇਨ ਯੂਟਿਊਬ 'ਤੇ ਕਾਫੀ ਮਸ਼ਹੂਰ ਹੈ। ਉਸ ਦੇ 'ਚੈਨਲ ਰਾਇਨ ਟੁਆਏ ਰੀਵਿਊ' ਦੇ 1.5 ਕਰੋੜ ਸਬਸਕ੍ਰਾਈਬਰਸ ਹਨ। ਇਸ 'ਚ ਕਈ ਵੀਡੀਓਜ਼ ਨੂੰ ਅਰਬਾਂ ਵਿਊਜ਼ ਮਿਲ ਚੁੱਕੇ ਹਨ। ਪਿਛਲੇ ਸਾਲ ਵਧਦੀ ਮਸ਼ਹੂਰੀ ਤੋਂ ਬਾਅਦ ਰਾਇਨ ਨੂੰ 8ਵੇਂ ਸਭ ਤੋਂ ਵੱਧ ਕਮਾਉਣ ਵਾਲੇ ਯੂਟਿਊਬਰ ਦਾ ਖਿਤਾਬ ਦਿੱਤਾ ਗਿਆ ਸੀ। ਹਾਲਾਂਕਿ ਰਾਇਨ ਦੇ ਮਾਪਿਆਂ ਨੇ ਉਸ ਦੀ ਛੋਟੀ ਉਮਰ ਕਾਰਨ ਉਸ ਦਾ ਸਰਨੇਮ ਤੇ ਨਾਗਰਿਕਤਾ ਗੁਪਤ ਰੱਖੀ ਹੈ। ਰਾਇਨ ਦਾ ਪਹਿਲਾ ਯੂਟਿਊਬ ਵੀਡੀਓ ਮਾਰਚ 2015 'ਚ ਆਇਆ ਸੀ।


ਅਮਰੀਕਾ 'ਚ ਖਿਡੌਣਿਆਂ ਦਾ ਬਿਜ਼ਨਸ ਵਧਾਉਣ ਦੀ ਹੋੜ੍ਹ:


ਪਿਛਲੇ ਮਹੀਨੇ ਹੀ ਵੀਡੀਓ ਜ਼ਰੀਏ ਬੱਚਿਆਂ ਦੇ ਖਿਡੌਣੇ ਵੇਚਣ ਵਾਲੀ ਵੈੱਬਸਾਈਟ ਪਾਕੇਟ ਵਾਚ ਨੇ ਵੀ ਰਾਇਨ ਨਾਲ ਇਕ ਡੀਲ ਕੀਤੀ ਸੀ। ਇਹ ਵੈੱਬਸਾਈਟ ਰਾਇਨ ਦੇ ਵੀਡੀਓਜ਼ ਦੀ ਵਰਤੋ ਕਰਕੇ ਆਪਣੇ ਕੱਪੜੇ, ਖਿਡੌਣੇ ਤੇ ਘਰ ਦਾ ਸਮਾਨ ਬੱਚਿਆਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।


ਅਮਰੀਕਾ ਦੀ ਸਭ ਤੋਂ ਵੱਡੀ ਟੁਆਏ ਰਿਟੇਲਰ ਕੰਪਨੀ ਟੁਆਇਜ਼ ਆਰ ਦੇ ਦੀਵਾਲੀਆ ਹੋਣ ਤੋਂ ਬਾਅਦ ਅਮਰੀਕਾ 'ਚ ਉਸ ਦੇ 885 ਸਟੋਰ ਬੰਦ ਹੋ ਚੁੱਕੇ ਹਨ। ਅਜਿਹੇ 'ਚ ਵਾਲਮਾਰਟ ਤੇ ਪਾਕੇਟ ਵਾਚ ਵਿਚਾਲੇ ਰਾਇਨ ਜ਼ਰੀਏ ਇਕ ਵਾਰ ਫਿਰ ਖਿਡੌਣਿਆਂ ਦੇ ਬਜ਼ਾਰ 'ਚ ਕਬਜ਼ਾ ਕਰਨ ਦੀ ਦੌੜ ਲੱਗੀ ਹੋਈ ਹੈ।