ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੋਪੜ ਤੋਂ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਮਾਨ ਨੇ ਕੈਪਟਨ 'ਤੇ ਬਾਦਲਾਂ ਨਾਲ ਮਿਲੀਭੁਗਤ ਹੋਣ ਦੇ ਦੋਸ਼ ਵੀ ਲਾਏ।

ਜ਼ਰੂਰ ਪੜ੍ਹੋ- ਕਾਂਗਰਸ ਦੇ ਹੋ ਕੇ ਕੁਝ ਇਸ ਤਰ੍ਹਾਂ ਦਾ ਮਹਿਸੂਸ ਕਰ ਰਹੇ 'ਆਪ' ਛੱਡ ਗਏ MLA ਸੰਦੋਆ

ਮਾਨ ਨੇ ਕਿਹਾ ਕਿ ਆਪਣੇ ਦੋ ਸਾਲਾਂ ਦੇ ਨਿਕੰਮੇ ਸ਼ਾਸਨ ਕਾਰਨ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰ ਰਹੀ ਕਾਂਗਰਸ ਬੌਖਲਾ ਚੁੱਕੀ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਮਿਲੀਭੁਗਤ ਨਾਲ ਕੈਪਟਨ ਮਰੀਆਂ ਜ਼ਮੀਰਾਂ ਵਾਲੇ ਲੀਡਰਾਂ ਦੀ ਖਰੀਦੋ-ਫਰੋਖਤ ਕਰ ਰਹੀ ਹੈ। ਪਾਰਟੀ ਮੁੱਖ ਦਫਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਕਿ 'ਆਪ' ਤੋਂ ਵਿਰੋਧੀ ਧਿਰ ਦੀ ਕੁਰਸੀ ਖੋਹ ਕੇ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਦਿੱਤੀ ਜਾਵੇ।

ਇਹ ਵੀ ਪੜ੍ਹੋ- 'ਆਪ' ਦਾ ਇੱਕ ਹੋਰ ਵਿਧਾਇਕ ਬਣਿਆ ਕਾਂਗਰਸੀ, ਵਿਰੋਧੀ ਧਿਰ ਦੀ ਹਾਲਤ ਪਈ ਪਤਲੀ

ਭਗਵੰਤ ਮਾਨ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਨੇ ਇੱਕਜੁੱਟ ਹੋ ਚੋਣ ਲੜੀ ਤਾਂ ਕਿ ਕਿਸੇ ਵੀ ਕੀਮਤ 'ਤੇ 'ਆਪ' ਨੂੰ ਪੰਜਾਬ ਵਰਗੇ ਪੂਰਨ ਰਾਜ 'ਚ ਸਰਕਾਰ ਬਣਾਉਣ ਦਾ ਮੌਕਾ ਨਾ ਦਿੱਤਾ ਜਾਵੇ। ਮਾਨ ਨੇ ਕਿਹਾ ਕਿ ਅੱਜ ਬੱਚਾ-ਬੱਚਾ ਸਮਝ ਚੁੱਕਿਆ ਹੈ ਕਿ ਬਾਦਲ ਅਤੇ ਕੈਪਟਨ ਆਪਸ 'ਚ ਪੂਰੀ ਤਰ੍ਹਾਂ ਮਿਲੇ ਹੋਏ ਹਨ ਅਤੇ ਇੱਕ-ਦੂਜੇ ਦੇ ਸਾਰੇ ਚੰਗੇ-ਮਾੜੇ ਨਿੱਜੀ ਹਿਤਾਂ ਲਈ ਹਰ ਹੱਦ ਤੱਕ ਜਾ ਰਹੇ ਹਨ। ਸੰਦੋਆ ਤੇ ਮਾਨਸ਼ਾਹੀਆ ਦੀ ਖਰੀਦੋ-ਫਰੋਖਤ ਇਸੇ ਕੜੀ ਦਾ ਹਿੱਸਾ ਹਨ। ਮਾਨ ਨੇ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਨੂੰ 'ਆਪ' ਸਗੋਂ ਰੋਪੜ ਹਲਕੇ ਦੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ, ਜਿੰਨ੍ਹਾਂ ਨੇ ਆਮ ਟੈਕਸੀ ਡਰਾਈਵਰ ਨੂੰ ਵਿਧਾਇਕ ਬਣਾ ਕੇ ਵੱਡਾ ਸਨਮਾਨ ਦਿੱਤਾ ਸੀ।