ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਭਗਵੰਤ ਮਾਨ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਹੁਣ ਪਾਰਟੀ ਇਕੱਲਿਆਂ ਹੀ ਮੈਦਾਨ ਵਿੱਚ ਉੱਤਰ ਰਹੀ ਹੈ। ਪਾਰਟੀ ਨੇ ਹੁਣ ਤੱਕ ਅੱਠ ਉਮੀਦਵਾਰ ਐਲਾਨ ਦਿੱਤੇ ਹਨ ਤੇ ਬਾਕੀਆਂ ਦਾ ਐਲਾਨ ਹਫਤੇ ਦੇ ਅੰਦਰ-ਅੰਦਰ ਕਰਨ ਦਾ ਦਾਅਵਾ ਕੀਤਾ ਹੈ। ਬੇਸ਼ੱਕ ਭਗਵੰਤ ਮਾਨ ਪਿਛਲੀ ਵਾਰ ਨਾਲੋਂ ਵੀ ਚੰਗਾ ਪ੍ਰਦਰਸ਼ਨ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਹਾਲਾਤ ਬਦਲ ਚੁੱਕੇ ਹਨ। ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਐਲਾਨੇ ਉਮੀਦਵਾਰਾਂ ਵਿੱਚ ਜਲੰਧਰ ਤੋਂ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ, ਫਤਹਿਗੜ੍ਹ ਸਾਹਿਬ (ਰਾਖਵਾਂ) ਤੋਂ ਬਲਜਿੰਦਰ ਸਿੰਘ ਚੌਂਦਾ, ਗੁਰਦਾਸਪੁਰ ਹਲਕੇ ਤੋਂ ਪੀਟਰ ਮਸੀਹ ਜੀਦਾ, ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ, ਸੰਗਰੂਰ ਤੋਂ ਭਗਵੰਤ ਮਾਨ, ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਤੇ ਹੁਸ਼ਿਆਰਪੁਰ ਤੋਂ ਰਵਜੋਤ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਬਠਿੰਡਾ, ਲੁਧਿਆਣਾ, ਖਡੂਰ ਸਾਹਿਬ, ਫਿਰੋਜ਼ਪੁਰ ਤੇ ਪਟਿਆਲਾ ਤੋਂ ਉਮੀਦਵਾਰਾਂ ਦਾ ਐਲਾਨ ਹਫਤੇ ਵਿੱਚ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਸਪਸ਼ਟ ਹੈ ਕਿ ਪਾਰਟੀ ਨੇ ਹੁਣ ਕਿਸੇ ਵੀ ਧਿਰ ਨਾਲ ਗੱਠਜੋੜ ਨਾ ਕਰਨ ਦਾ ਮਨ ਬਣਾ ਲਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ 'ਆਪ' ਨੂੰ ਇਕੱਲੇ ਹੀ ਮੈਦਾਨ ਵਿੱਚ ਡਟਣ ਦਾ ਨੁਕਸਾਨ ਹੋਏਗਾ। ਇਸ ਦਾ ਵੱਡਾ ਕਾਰਨ ਇਹ ਹੈ ਕਿ 'ਆਪ' ਦੀ ਆਪਣੀ ਵੋਟ ਕਈ ਧੜਿਆਂ ਵਿੱਚ ਵੰਡੀ ਗਈ ਹੈ। ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਸੱਟ ਸੁਖਪਾਲ ਖਹਿਰਾ ਨੇ ਮਾਰੀ ਹੈ। ਉਨ੍ਹਾਂ ਨਾਲ ਪਾਰਟੀ ਦਾ ਵੱਡਾ ਹਿੱਸਾ ਚਲਾ ਗਿਆ ਹੈ। ਖਹਿਰਾ ਤੋਂ ਇਲਾਵਾ ਪੰਜ ਵਿਧਾਇਕ ਵੀ ਬਾਗੀ ਚੱਲ਼ ਰਹੇ ਹਨ। ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਵੀ ਇਸ ਵਾਰ ਵੱਖਰੀ ਪਾਰਟੀ ਬਣਾ ਕੇ ਡਟ ਗਏ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ਦੇ ਐਲਾਨ ਮਗਰੋਂ ਵੀ ਪਾਰਟੀ ਅੰਦਰ ਹਲਚੱਲ ਵਧ ਗਈ ਹੈ। ਦੂਜੇ ਪਾਸੇ ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਨੇ ਬਸਪਾ ਤੇ ਖੱਬੇ ਪੱਖੀ ਵਰਗੀਆਂ ਪੁਰਾਣੀਆਂ ਪਾਰਟੀਆਂ ਨੂੰ ਨਾਲ ਲੈ ਕੇ ਸਾਂਝਾ ਮੋਰਚਾ ਬਣਾ ਲਿਆ ਹੈ। ਇਸ ਮੋਰਚੇ ਵਿੱਚ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਬਾਗੀ ਸਾਂਸਦ ਧਰਮਵੀਰ ਗਾਂਧੀ ਦੀ ਪਾਰਟੀ ਵੀ ਸ਼ਾਮਲ ਹੈ। ਇਸ ਲਈ ਆਮ ਆਦਮੀ ਪਾਰਟੀ ਲਈ ਸਾਲ 2014 ਵਾਲਾ ਮਾਹੌਲ ਬਣਨਾ ਔਖਾ ਜਾਪਦਾ ਹੈ।