ਚੰਡੀਗੜ੍ਹ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਚੁੱਕੇ ਸਾਬਕਾ ਜਸਟਿਸ ਜ਼ੋਰਾ ਸਿੰਘ ਹੁਣ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਹਨ। ਦੁਆਬੇ ਵਿੱਚ ਬਤੌਰ ਜੱਜ ਤਾਇਨਾਤ ਰਹੇ ਜਸਟਿਸ ਜ਼ੋਰਾ ਸਿੰਘ ਦਾ ਕਹਿਣਾ ਹੈ ਕਿ ਉਹ ਤਜਰਬੇ ਦੇ ਆਧਾਰ 'ਤੇ ਜਲੰਧਰ ਤੋਂ ਚੋਣ ਲੜਨਗੇ। ਜ਼ੋਰਾ ਸਿੰਘ ਖ਼ਿਲਾਫ਼ ਅਕਾਲੀ ਦਲ ਦੇ ਵੱਡੇ ਨੇਤਾ ਚਰਨਜੀਤ ਸਿੰਘ ਅਟਵਾਲ ਹਨ। ਕਾਂਗਰਸ ਦੇ ਸੰਭਾਵਿਤ ਉਮੀਦਵਾਰ ਚੌਧਰੀ ਸੰਤੋਖ ਸਿੰਘ ਹਨ, ਪਰ ਸਟਿੰਗ ਕਾਂਡ ਕਰਕੇ ਉਨ੍ਹਾਂ ਦੀ ਉਮੀਦਵਾਰੀ ਡਾਵਾਂਡੋਲ ਹੈ।
ਜ਼ੋਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਵੀ ਹਲਕੇ ਤੋਂ ਚੋਣ ਲੜਨ ਦੀ ਚਾਹਤ ਨਹੀਂ ਸੀ ਦਿਖਾਈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਲੰਧਰ ਹਲਕਾ ਦਿੱਤਾ ਗਿਆ ਹੈ, ਜਿਸ ਵਿੱਚ ਉਹ ਬਾਖੂਬੀ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਦੁਆਬੇ ਵਿੱਚ ਜੱਜ ਹੋਣ ਦੇ ਤੌਰ 'ਤੇ ਉਹ ਤਾਇਨਾਤ ਰਹੇ ਹਨ ਜਿਸ ਕਰਕੇ ਦੁਆਬੇ ਦੇ ਮੁੱਦਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ।
ਪੰਜਾਬ ਵਿੱਚ ਲੋਕ ਸਭਾ ਚੋਣਾਂ ਸੱਤਵੇਂ ਪੜਾਅ ਵਿੱਚ ਪੈਣਗੀਆਂ। ਜ਼ੋਰਾ ਸਿੰਘ ਨੇ ਕਿਹਾ ਕਿ 19 ਮਈ ਨੂੰ ਵੋਟਿੰਗ ਤਕ ਦੋਆਬੇ ਵਿੱਚ ਕੰਮ ਕਰਨ ਲਈ ਕਾਫੀ ਹੈ। ਦੁਆਬਾ ਵਿੱਚ 'ਆਪ' ਦੇ ਸਾਬਕਾ ਮੈਂਬਰ ਤੇ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਖਹਿਰਾ 'ਤੇ ਤੰਜ਼ ਕੱਸਦਿਆਂ ਜ਼ੋਰਾ ਸਿੰਘ ਨੇ ਕਿਹਾ ਕਿ ਖਹਿਰਾ ਨੇ ਜੋ ਕਰਨਾ ਸੀ ਕਰ ਲਿਆ ਪਰ ਲੋਕਾਂ ਨੂੰ ਉਨ੍ਹਾਂ ਦਾ ਪਤਾ ਲੱਗ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਹਿਰਾ ਦੇ ਪਾਰਟੀ ਛੱਡਣ ਤੇ ਦੁਆਬੇ ਨੂੰ ਕੋਈ ਨੁਕਸਾਨ ਨਹੀਂ ਹੈ ਤੇ ਆਮ ਆਦਮੀ ਪਾਰਟੀ ਦਾ ਕਾਡਰ ਅਜੇ ਵੀ ਮਜਬੂਤ ਹੈ।