ਚੰਡੀਗੜ੍ਹ: ਹੁਣ ਤਕ ਦੇ ਰੁਝਾਨਾਂ ਮੁਤਾਬਕ ਸੰਗਰੂਰ ਤੋਂ ਭਗਵੰਤ ਮਾਨ ਕਾਂਗਰਸ ਦੇ ਕੇਵਲ ਢਿੱਲੋਂ ਤੋਂ 10,599 ਵੋਟਾਂ ਨਾਲ ਅੱਗੇ ਜਾ ਰਹੇ ਹਨ। ਪਰ ਉਨ੍ਹਾਂ ਲਈ ਨਵੀਂ ਮੁਸ਼ਕਲ ਸਾਹਮਣੇ ਆ ਰਹੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵੋਟ ਦੇਣ ਦੀ ਫੋਟੋ ਵਾਇਰਲ ਹੋ ਰਹੀ ਹੈ। ਉਨ੍ਹਾਂ ਫੇਸਬੁੱਕ 'ਤੇ ਫੋਟੋ ਸ਼ੇਅਰ ਕਰਕੇ ਵੋਟ ਪਾਉਣ ਲਈ ਧੰਨਵਾਦ ਲਿਖਿਆ। ਫੋਟੋ 'ਤੇ ਪਿੰਡ ਉਗੋਕੇ ਭਦੌੜ ਲਿਖਿਆ ਹੋਇਆ ਹੈ।


ਭਗਵੰਤ ਮਾਨ ਦੇ ਇੱਕ ਸਮਰਥਕ ਨੇ ਇਸ ਫੋਟੋ 'ਤੇ ਕੁਮੈਂਟ ਕਰਕੇ ਲਿਖਿਆ ਹੈ ਕਿ ਇਹ ਫੋਟੋ ਉਸ ਨੇ ਹੀ ਖਿੱਚੀ ਹੋਈ ਹੈ। ਉਸ ਨੇ ਹੀ ਵੋਟ ਪਾਉਂਦੇ ਸਮੇਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਉਹ ਭਗਵੰਤ ਮਾਨ ਦਾ ਸਮਰਥਕ ਹੈ। ਬਾਕੀ ਸਾਰੇ ਲੋਕਾਂ ਨੇ ਉਸ ਦਾ ਧੰਨਵਾਦ ਕਰਦਿਆਂ ਥਾਪੜਾ ਦਿੱਤਾ। ਪੁਲਿਸ ਨੇ ਸਿਟੀ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।

ਕੇਸ ਦੇ ਆਈਓ ਮੱਘਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਤਰ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਸੰਧੂ ਪੱਤੀ ਸਕੂਲ ਵਿੱਚ ਵੋਟ ਪਾਉਣ ਗਏ ਸਨ। ਉਨ੍ਹਾਂ ਅੱਗੇ ਖੜੇ ਇੱਕ ਲੜਕੇ ਨੇ ਵੋਟ ਪਾਉਂਦਿਆਂ ਆਪਣੇ ਮੋਬਾਈਲ ਤੋਂ ਫੋਟੋ ਖਿੱਚ ਲਈ ਸੀ ਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਸੋਮਵਾਰ ਨੂੰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ।

ਇਸ ਬਾਰੇ ਭਗਵੰਤ ਮਾਨ ਦੇ ਪੀਏ ਅਮਰੀਸ਼ ਭੋਤਨਾ ਨੇ ਕਿਹਾ ਕਿ ਭਗਵੰਤ ਮਾਨ ਨੇ ਵੋਟਰਾਂ ਦੀ ਹੌਸਲਾ ਅਫ਼ਜ਼ਾਈ ਲਈ ਫੇਸਬੁੱਕ 'ਤੇ ਫੋਟੋ ਪਾਈਆਂ ਸੀ। ਉਨ੍ਹਾਂ ਦਾ ਮਕਸਦ ਚੋਣ ਕਮਿਸ਼ਨ ਦੇ ਨਿਯਮ ਤੋੜਨ ਦਾ ਨਹੀਂ ਸੀ।

ਉੱਧਰ ਮਾਮਲੇ ਬਾਰੇ ਜ਼ਿਲ੍ਹੇ ਦੇ ਡੀਸੀ ਨੇ ਕਿਹਾ ਹੈ ਕਿ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ। ਪੁਲਿਸ ਨੇ ਪਹਿਲਾਂ ਹੀ ਮਾਮਲੇ ਵਿੱਚ ਪਰਚਾ ਦਰਜ ਕਰ ਲਿਆ ਹੈ। ਹੁਣ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਇਸ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਏਗੀ।