ਚੰਡੀਗੜ੍ਹ: ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ, 1872 ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੀ ਸ਼ਖਸੀਅਤ 'ਤੇ ਆਪ ਜੀ ਦੇ ਪਿਤਾ ਚਰਨ ਸਿੰਘ ਦਾ ਪ੍ਰਭਾਵ ਸੀ ਕਿਉਂਕਿ ਆਪ ਜੀ ਦੇ ਪਿਤਾ ਹਿੰਦੀ, ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ ਤੇ ਸਿੰਘ ਸਭਾ ਲਹਿਰ ਦੇ ਸੰਚਾਲਕਾਂ 'ਚੋਂ ਇੱਕ ਸਨ। ਭਾਈ ਵੀਰ ਸਿੰਘ ਨੇ 1891 ਵਿੱਚ ਮੈਟ੍ਰਿਕ ਪਾਸ ਕੀਤੀ ਤੇ ਸਿੱਖ ਧਾਰਮਿਕ ਲਹਿਰਾਂ ਨਾਲ ਜੁੜ ਗਏ ਤੇ ਕਈ ਲਹਿਰਾਂ ਦੀ ਅਗਵਾਈ ਵੀ ਕੀਤੀ। 1893 'ਚ ਭਾਈ ਵੀਰ ਸਿੰਘ ਨੇ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ। 1898 'ਚ ਵਜ਼ੀਰ ਹਿੰਦ ਪ੍ਰੈੱਸ ਖੋਲ੍ਹਿਆ ਤੇ 1899 'ਚ ਖਾਲਸਾ ਸਮਾਚਾਰ ਸਪਤਾਹਿਕ ਪੱਤਰ ਜਾਰੀ ਕੀਤਾ। 1899 'ਚ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ 'ਸੁੰਦਰੀ' ਪ੍ਰਕਾਸ਼ਿਤ ਹੋਇਆ ਜੋ ਬਹੁਤ ਮਕਬੂਲ ਹੋਇਆ। ਭਾਈ ਵੀਰ ਸਿੰਘ ਭਾਵੇਂ ਕਾਫੀ ਧਾਰਮਿਕ ਲਹਿਰਾਂ ਨਾਲ ਜੁੜੇ ਰਹੇ ਪਰ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਰਚਨਾ 'ਚ ਲਾਇਆ। ਰਾਣਾ ਸੂਰਤ ਸਿੰਘ (ਮਹਾਂਕਾਵਿ), ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬਦੀ ਕਲਾਈ, ਪ੍ਰੀਤ ਵੀਣਾ, ਕੰਤ, ਮਹੇਲੀ ਦਾ ਬਾਰਾਂਮਾਹ, ਮੇਰੇ ਸਾਈਆਂ ਜੀਉ ਆਦਿ ਭਾਈ ਵੀਰ ਸਿੰਘ ਦੇ ਪ੍ਰਸਿੱਧ ਕਾਵਿ ਸੰਗ੍ਰਿਹ ਹਨ। ਸੰਦਰੀ, ਸਤਵੰਤ ਕੌਰ, ਬਿਜੈ ਸਿੰਘ, ਬਾਬਾ ਨੌਧ ਸਿੰਘ ਭਾਈ ਵੀਰ ਸਿੰਘ ਦੇ ਨਾਵਲ ਤੇ ਗੁਰੂ ਨਾਨਕ ਚਮਤਕਾਰ, ਅਸਟ ਗੁਰੂ ਚਮਤਕਾਰ, ਕਲਗੀਧਰ ਚਮਤਕਾਰ ਅਦਿ ਗੱਦ ਰਚਨਾਵਾਂ ਹਨ। ਭਾਈ ਵੀਰ ਸਿੰਘ ਨੇ ਖੋਜ ਸੰਪਾਦਨਾ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਕਾਰਜ ਕੀਤਾ। 'ਮੇਰੇ ਸਾਈਆਂ ਜੀਉ' ਲਈ ਭਾਈ ਵੀਰ ਸਿੰਘ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਨੇ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ। 1952 'ਚ ਆਪ ਜੀ ਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਭਾਰਤ ਸਰਕਾਰ ਨੇ 1954 'ਚ ਭਾਈ ਵੀਰ ਸਿੰਘ ਨੂੰ ਪਦਮ ਭੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ। ਬਹੁਪੱਖੀ ਪ੍ਰਤਿਭਾ ਦੇ ਮਾਲਕ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਸਿੱਖ ਧਰਮ ਤੇ ਇਤਿਹਾਸ ਦੀ ਸ਼ਰਧਾਮਈ ਵਿਆਖਿਆ ਹੈ। ਆਪ ਜੀ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਹਰ ਹਿਰਦਾ ਵਿਸਮਾਦ ਹੋ ਜਾਂਦਾ ਹੈ।