ਬਰਨਾਲਾ: ਕਰਜ ਦੇ ਦੈਂਤ ਨੇ ਇੱਕ ਹੋਰ ਅੰਨਦਾਤਾ ਨੂੰ ਨਿਗਲ ਲਿਆ ਹੈ। ਖਬਰ ਬਰਨਾਲਾ ਜਿਲ੍ਹੇ ਦੇ ਪਿੰਡ ਸੇਖਾ ਤੋਂ ਹੈ। ਜਿੱਥੇ ਇੱਕ ਕਿਸਾਨ ਨੇ ਆਰਥਿਕ ਤੰਗੀ ਤੇ ਕਰਜ ਦੇ ਚੱਲਦੇ ਖੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਹੈ। ਮ੍ਰਿਤਕ ਕੋਲ ਜਿਆਦਾ ਜਮੀਨ ਨਹੀਂ ਸੀ, ਅਜਿਹੇ 'ਚ ਉਹ ਜਮੀਨ ਠੇਕੇ 'ਤੇ ਲੈ ਕੇ ਖੇਤੀ ਕਰਦਾ ਸੀ। ਪਰ ਲਗਾਤਾਰ ਘਾਟਾ ਪੈਣ ਦੇ ਚੱਲਦੇ ਕਿਸਾਨ ਸਿਰ ਕਰੀਬ 25 ਲੱਖ ਦਾ ਕਰਜ ਸੀ। ਜਾਣਕਾਰੀ ਮੁਤਾਬਕ ਸੇਖਾ ਦੇ 50 ਸਾਲਾ ਕਿਸਾਨ ਭੁਪਿੰਦਰ ਸਿੰਘ 9 ਏਕੜ ਜ਼ਮੀਨ ਦਾ ਮਾਲਕ ਸੀ। ਉਹ ਹੋਰ ਜ਼ਮੀਨ ਠੇਕੇ ’ਤੇ ਲੈ ਕੇ ਕਰੀਬ 35-36 ਏਕੜ ਦੀ ਖੇਤੀ ਕਰਦਾ ਸੀ। ਪਰ ਫਸਲ ਦੀ ਘੱਟ ਪੈਦਾਵਾਰ ਦੇ ਚੱਲਦੇ ਭੁਪਿੰਦਰ ਸਿਰ ਬੈਂਕਾਂ ਅਤੇ ਆੜਤੀ ਸਮੇਤ ਕਰੀਬ 25 ਲੱਖ ਦਾ ਕਰਜ਼ ਚੜ ਗਿਆ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ। ਪਰ ਉਹ ਇਹ ਪ੍ਰੇਸ਼ਾਨੀ ਜਿਆਦਾ ਦੇਰ ਨਾ ਬਰਦਾਸ਼ਤ ਕਰ ਸਕਿਆ ਤੇ ਆਪਣੀ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।