ਲੁਧਿਆਣਾ : ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲੱਗ ਰਹੇ 2500 ਕਰੋੜ ਰੁਪਏ ਦੇ ਕਥਿਤ ਦੋਸ਼ਾਂ ਤੋਂ ਬਾਅਦ ਖੁਰਾਕ ਸਪਲਾਈ ਵਿਭਾਗ ਦਾ ਇੱਕ ਅਧਿਕਾਰੀ ਸਾਹਮਣੇ ਆਇਆ ਹੈ। ਉਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਘਪਲਾ 2500 ਕਰੋੜ ਰੁਪਏ ਦਾ ਨਹੀਂ 25000 ਕਰੋੜ ਰੁਪਏ ਦਾ ਹੋ ਸਕਦਾ ਹੈ। ਵਿਜੀਲੈਂਸ ਨੂੰ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।
ਖੁਰਾਕ ਸਪਲਾਈ ਵਿਭਾਗ ਦੇ ਏਅੇੈਫਅੇੈਸਓ ਸ਼ਿਵਰਾਜ ਖੰਨਾ, ਜੋ ਇਸ ਵੇਲੇ ਤਰਨਤਾਰਨ ਜਿਲੇ ਦੇ ਪੱਟੀ ਬਲਾਕ 'ਚ ਤੈਨਾਤ ਹਨ, ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੀ ਟਰਮ ਦੇ ਵਿਚ ਵਿਭਾਗ ਦੇ ਅਧਿਕਾਰੀਆਂ ਨੇ ਕਈ ਘਪਲੇ ਕੀਤੇ, ਜਿਨਾਂ 'ਚੋਂ ਤਿੰਨ ਤਾਂ ਬਹੁਤ ਸੁਰਖੀਆਂ 'ਚ ਰਹੇ ਪਰ ਹੇਠਲੇ ਪੱਧਰ ਦੇ ਮੁਲਾਜਮਾਂ 'ਤੇ ਕਾਰਵਾਈ ਹੁੰਦੀ ਰਹੀ ਪਰ ਉਚ ਅਧਿਕਾਰੀਆਂ ਨੂੰ ਭਾਰਤ ਭੂਸ਼ਣ ਆਸ਼ੂ ਦੀ ਸਰਪ੍ਰਸਤੀ ਸੀ ਤੇ ਇਕ ਲੜੀ ਬਣੀ ਹੋਈ ਸੀ ,ਇਸ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਸੀ।
ਖੰਨਾ ਨੇ ਦੱਸਿਆ ਕਿ ਅੰਮ੍ਰਿਤਸਰ 'ਚ ਗਰੀਬ ਲੋਕਾਂ ਨੂੰ ਜਦ ਜਹਿਰਲੀ ਕਣਕ ਵੰਡੀ ਜਾਣ ਦਾ ਮਸਲਾ ਖੁਦ ਮੰਤਰੀ ਕੋਲ ਜਾ ਕੇ ਉਠਾਇਆ ਤਾਂ ਉਨਾਂ ਨੂੰ ਜਲੀਲ ਕਰਕੇ ਮੰਤਰੀ ਸਾਹਿਬ ਨੇ ਭਜਾ ਦਿੱਤਾ। ਏਅੇੈਫਅੇੈਸਓ ਖੰਨਾ ਨੇ ਕਿਹਾ ਕਿ ਇਹ ਤਾਂ ਇਕੱਲਾ ਟੈਂਡਰ ਘਪਲਾ ਸਾਹਮਣੇ ਆਇਆ ਪਰ ਇਸ ਦੀ ਪੂਰੀ ਜਾਂਚ ਹੋਵੇ ਪਰ ਇਸ ਤੋਂ ਇਲਾਵਾ ਬਾਰਦਾਨੇ ਦੀ ਖਰੀਦ, ਮਿੱਡ ਡੇ ਮੀਲ ਸਮੇਤ ਹੋਰ ਕਈ ਕੰਮਾਂ 'ਚ ਘਪਲੇ ਹੋਏ ਹਨ ਤੇ ਸਾਰਿਆਂ ਦੀ ਜਾਂਚ ਹੋਵੇ, ਸਬੂਤ ਉਨਾਂ ਕੋਲ ਵੀ ਮੌਜੂਦ ਹਨ ਤੇ ਜੇਕਰ ਵਿਜੀਲੈੰਸ ਜਾਂ ਵਿਭਾਗ ਦੇ ਅਧਿਕਾਰੀ ਉਨਾਂ ਨੂੰ ਬੁਲਾਉਣਗੇ ਤਾਂ ਉਹ ਇਹ ਸਬੂਤ ਉਨਾਂ ਦੇ ਸਾਹਮਣੇ ਰੱਖਣਗੇ।
ਦੱਸ ਦੇਈਏ ਕਿ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu Arrest) ਨੂੰ ਵਿਜੀਲੈਂਸ ਨੇ ਮੰਗਲਵਾਰ ਸ਼ਾਮ ਕਰੀਬ 4 ਵਜੇ ਅਦਾਲਤ ਵਿੱਚ ਪੇਸ਼ ਕੀਤਾ। ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਆਸ਼ੂ ਨੂੰ 27 ਅਗਸਤ ਤੱਕ ਵਿਜੀਲੈਂਸ ਰਿਮਾਂਡ 'ਤੇ ਭੇਜ ਦਿੱਤਾ ਹੈ।