Punjab News: ਪਠਾਨਕੋਟ ਦੇ ਪਿੰਡ ਘਰੋਟਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ 'ਚ ਪਤੀ ਅਤੇ ਸੱਸ ਵੱਲੋਂ ਮਿਲ ਕੇ ਇੱਕ ਮਹਿਲਾ ਦੀ ਬੁਰੀ ਤਰ੍ਹਾ ਕੁੱਟਮਾਰ ਕੀਤੀ ਜਾ ਰਹੀ ਸੀ । ਆਪਣੀ ਨੂੰਹ 'ਤੇ ਤਸ਼ੱਦਦ ਢਾਹੁਣ ਵਾਲੀ ਸੱਸ ਅਤੇ ਮਹਿਲਾ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 



ਦਸ ਦਈਏ ਕਿ ਗੁੱਜਰ ਪਰਿਵਾਰ ਨਾਲ ਸੰਬੰਧਤ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਜਿਸ ਨੂੰ ਗੁਆਂਢ  'ਚ ਰਹਿੰਦੇ ਵਿਅਕਤੀ ਨੇ ਬਣਾਇਆ ਸੀ। ਇਸ ਤੋਂ ਬਾਅਦ ਮਾਮਲਾ ਸਦਰ ਥਾਣੇ ਪਹੁੰਚ ਗਿਆ। ਪੁਲਸ ਨੇ ਮਾਮਲੇ 'ਚ ਪਤੀ ਸ਼ਰੀਫ ਅਤੇ ਉਸ ਦੀ ਮਾਂ ਫਕਰਾ ਨੂੰ ਨਾਮਜ਼ਦ ਕੀਤਾ ਸੀ। ਵੀਡੀਓ 'ਚ ਵਿਆਹੁਤਾ ਔਰਤ ਨੂੰ ਉਸ ਦੀ ਭੈਣ ਨੇ ਉਥੋਂ ਛੁਡਾਇਆ ਸੀ ਅਤੇ ਘਰੋਟਾ ਹਸਪਤਾਲ ਦਾਖਲ ਕਰਵਾਇਆ ਸੀ।


ਕੈਂਸਰ ਹਸਪਤਾਲ ਦੇ ਉਦਘਾਟਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੀ ਸਰਗਰਮ, ਹਰਸਿਮਰਤ ਬਾਦਲ ਨੇ ਲਿਖੀ ਕੇਂਦਰੀ ਮੰਤਰੀ ਨੂੰ ਚਿੱਠੀ



ਜ਼ਖਮੀ ਬਾਨੋ ਨੇ ਦੱਸਿਆ ਕਿ ਉਸ ਦਾ ਵਿਆਹ ਪੰਜ ਸਾਲ ਪਹਿਲਾਂ ਸ਼ਰੀਫ ਨਾਲ ਹੋਇਆ ਸੀ ਪਰ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੋਇਆ। ਇਸ ਗੱਲ ਨੂੰ ਲੈ ਕੇ ਉਸ ਦਾ ਪਤੀ ਅਤੇ ਸੱਸ ਉਸ ਨੂੰ ਤਾਅਨੇ ਮਾਰਦੇ ਸਨ। ਬੀਤੇ ਦਿਨ ਜਦੋਂ ਉਹ ਘਰੇਲੂ ਕੰਮ ਕਰ ਰਹੀ ਸੀ ਤਾਂ ਉਸ ਦੇ ਪਤੀ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ। ਸੱਸ ਨੇ ਵੀ ਕੁੱਟਮਾਰ ਕਰਕੇ ਉਸ ਨੂੰ ਘੜੀਸ ਕੇ ਲੈ ਜਾਂਦੇ ਹੋਏ ਨੇੜੇ ਖੇਤ ਵਿੱਚ ਸੁੱਟ ਦਿੱਤਾ।



ਲੋਕਾਂ ਦੇ ਵਿਰੋਧ ਕਰਨ 'ਤੇ ਪਤੀ ਅਤੇ ਸੱਸ ਉਸ ਨੂੰ ਹਸਪਤਾਲ ਭੇਜਣ ਦੀ ਬਜਾਏ ਘਰ ਲੈ ਆਏ ਅਤੇ ਕਮਰੇ 'ਚ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਗੁਆਂਢ 'ਚ ਰਹਿਣ ਵਾਲੀ ਉਸ ਦੀ ਭੈਣ ਜਾਨੂ ਉਸ ਨੂੰ ਛੁਡਾਉਣ ਆਈ ਤਾਂ ਦੋਵਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। 22 ਅਗਸਤ ਦੀ ਸ਼ਾਮ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਸਥਾਨਕ ਵਿਅਕਤੀ ਨੇ ਆਪਣੇ ਮੋਬਾਈਲ 'ਚ ਕੈਦ ਕਰ ਲਿਆ ਸੀ। ਫਿਲਹਾਲ ਔਰਤ ਦਾ ਘਰੋਟਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਹਨ।