ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਨੂੰ ਮੁਹਾਲੀ ਵਿੱਚ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੀ ਸਰਗਰਮ ਹੋਇਆ ਹੈ। ਲੋਕ ਸਭਾ ਮੈਂਬਰ ਹਰਸਿਮਰਤ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੂੰ ਅਪੀਲ ਕੀਤੀ ਹੈ ਕਿ ਏਮਸ ਬਠਿੰਡਾ ਵਿੱਚ ਡਾਕਟਰਾਂ ਦੇ ਰਹਿਣ ਲਈ ਢੁਕਵੀਂ ਥਾਂ ਦੀ ਉਸਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਹਿਣ ਦੀ ਸਹੂਲਤ ਨਾ ਹੋਣ ਕਾਰਨ ਇੰਸਟੀਚਿਊਟ ਵਿੱਚ ਮੈਡੀਕਲ ਪ੍ਰੋਫੈਸ਼ਨਲ ਨੂੰ ਛੱਡ ਕੇ ਜਾਣ ਦੀ ਦਰ ਜ਼ਿਆਦਾ ਹੈ।
ਸਿਹਤ ਮੰਤਰੀ ਨੂੰ ਲਿਖੇ ਪੱਤਰ ਵਿੱਚ ਹਰਸਿਮਰਤ ਬਾਦਲ ਨੇ ਕਿਹਾ ਕਿ ਡਾਕਟਰਾਂ ਦੇ ਰਹਿਣ ਲਈ 1120 ਇਕਾਈਆਂ ਦਾ ਨਿਰਮਾਣ ਕਾਫੀ ਦੇਰ ਤੋਂ ਲਟਕ ਰਿਹਾ ਹੈ ਤੇ ਇਸ ਕੰਮ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਕੋਲ ਫੰਡ ਪਹਿਲਾਂ ਹੀ ਉਪਲਬੱਧ ਹਨ।
ਉਨ੍ਹਾਂ ਕਿਹਾ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ ਏਮਸ ਬਠਿੰਡਾ ਦਾ ਦੌਰਾ ਕਰਨ ਤੇ ਇੰਸਟੀਚਿਊਟ ਵਿੱਚ ਅਪਰੇਸ਼ਨ ਤੇ ਮੁਰੰਮਤ ਦਾ ਕੰਮ ਆਪਣੇ ਹੱਥ ਵਿੱਚ ਲੈਣ। ਉਨ੍ਹਾਂ ਕਿਹਾ ਕਿ 28 ਬੈੱਡਾਂ ਵਾਲੇ ਟਰੌਮਾ ਤੇ ਐਮਰਜੈਂਸੀ ਕੇਂਦਰ ਨੂੰ ਵਧਾ ਕੇ 300 ਬੈੱਡਾਂ ਵਾਲਾ ਕੀਤਾ ਜਾਵੇ।
ਹਰਸਿਮਰਤ ਬਾਦਲ ਨੇ ਕਿਹਾ ਕਿ ਕਿਉਂਕਿ ਬਠਿੰਡਾ ਵਿੱਚੋਂ ਤਿੰਨ ਪ੍ਰਮੁੱਖ ਕੌਮੀ ਸ਼ਾਹ ਮਾਰਗ ਅਤੇ ਦੋ ਸੂਬਾਈ ਹਾਈਵੇਅ ਲੰਘਦੇ ਹਨ, ਇਸ ਲਈ ਇਥੇ ਹਾਦਸੇ ਬਹੁਤ ਵਾਪਰਦੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਐਨਐਚ 54 ਤੋਂ ਇੰਸਟੀਚਿਊਟ ਤੱਕ ਫਲਾਈਓਵਰ ਬਣਾਇਆ ਜਾਵੇ ।