ਅੰਮ੍ਰਿਤਸਰ: ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਇਤਿਹਾਸ ਨਾਲ ਛੇੜਛਾੜ ਕਰ ਰਹੀ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਬੰਧਤ ਵਿਭਾਗ ਦੇ ਮੰਤਰੀ ਦੇ ਅਸਤੀਫੇ ਦੀ ਵੀ ਗੱਲ ਕਹੀ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂਆਂ ਦੀ ਜੀਵਨੀ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸਿੱਖ ਕੌਮ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਹਿਲਾ ਅਫਸਰ ਨੂੰ ਗਲਤ ਸੰਦੇਸ਼ ਭੇਜੇ ਜਾਣ ਦੇ ਮੁੱਦੇ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਚੰਨੀ ਆਪਣੀ ਗ਼ਲਤੀ ਮੰਨ ਚੁੱਕੇ ਹਨ। ਗਲਤੀ ਮੰਨਣ ਨਾਲ ਜੁਰਮ ਘੱਟ ਨਹੀਂ ਜਾਂਦਾ। ਇਸ ਲਈ ਮੁੱਖ ਮੰਤਰੀ ਵੱਲੋਂ ਚੰਨੀ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤੇ ਉਨ੍ਹਾਂ ਨਿਰਦੇਸ਼ਾਂ ਦੀ ਵੀ ਨਿਖੇਧੀ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਮਹਿਲਾ ਅਫ਼ਸਰ ਕਿਸੇ ਪੁਰਸ਼ ਅਫ਼ਸਰ ਨੂੰ ਰਾਤ ਵੇਲ ਨਹੀਂ ਮਿਲ ਸਕਦੀ।

ਇਹ ਵੀ ਪੜ੍ਹੋ: ਮਹਿਲਾ ਅਫਸਰ ਨੂੰ ਮੈਸੇਜ ਭੇਜਣ ਬਾਰੇ ਚੰਨੀ ਦੀ ਸਫਾਈ


ਚੰਨੀ ਵੱਲੋਂ ਅਕਾਲੀ ਦਲ ’ਤੇ ਗੰਦੀ ਸਿਆਸਤ ਕਰਨ ਦੇ ਲਾਏ ਇਲਜ਼ਾਮਾਂ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਮਹਿਲਾ ਸਰਕਾਰ ਦੀ ਮੁਲਾਜ਼ਮ ਹੈ ਨਾ ਕਿ ਅਕਾਲੀ ਦਲ ਦੀ। ਚੰਨੀ ਦੀ ਸੱਚਾਈ ਸਭ ਦੇ ਸਾਹਮਣੇ ਆ ਚੁੱਕੀ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਪੰਜਾਬ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਇਰਾਕ ਵਿੱਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਭੱਤਾ ਤੇ ਨੌਕਰੀ ਦੇਣਾ ਸਰਕਾਰ ਦਾ ਫਰਜ਼ ਹੈ।