ਜਲੰਧਰ : ਕਾਂਗਰਸ ਵੱਲੋਂ ਲੁਧਿਆਣਾ ਵਿੱਚ ਸੜੇ ਗਏ ਚਿੱਟੇ ਰਾਵਣ ਨੂੰ ਲੈ ਕੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਪਲਟਵਾਰ ਕੀਤਾ ਹੈ। ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਾਗੀਰ ਕੌਰ ਨੇ ਆਖਿਆ ਕਿ ਜਿਹੜੇ ਚਿੱਟਾ ਖਾਂਦੇ ਹਨ ਉਨ੍ਹਾਂ ਨੂੰ ਹੀ ਇਹ ਨਜ਼ਰ ਆਉਂਦਾ ਹੈ।

ਉਨ੍ਹਾਂ ਕਾਂਗਰਸ ਦਾ ਬਿਨਾਂ ਨਾਮ ਲਏ ਆਖਿਆ ਕਿ ਆਪ 'ਚਿੱਟਾ' ਖਾਣ ਵਾਲਿਆਂ ਨੂੰ ਹੀ ਇਹ ਨਜ਼ਰ ਆਉਂਦਾ ਹੈ। ਬੀਬੀ ਜਾਗੀਰ ਅਨੁਸਾਰ ਕਾਂਗਰਸ ਦੇ ਪੱਲੇ ਹੋਰ ਤਾਂ ਕੁੱਝ ਹੈ ਨਹੀਂ ਇਸ ਲਈ ਉਹ ਅਜਿਹੇ ਮਸਲੇ ਚੁੱਕੇ ਰਹੇ ਹਨ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਉੱਤੇ ਵੀ ਸਵਾਲ ਚੁੱਕੇ। ਬੀਬੀ ਜਾਗੀਰ ਕੌਰ ਨੇ ਆਖਿਆ ਕਿ ਕੈਪਟਨ ਨੇ ਆਪਣੀ ਸਰਕਾਰ ਸਮੇਂ ਤਾਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਨਹੀਂ ਕੀਤੇ ਅਤੇ ਹੁਣ ਵੋਟਾਂ ਨੇੜੇ ਦੇਖ ਫਿਰ ਤੋਂ ਯਾਤਰਾ ਰਾਹੀਂ  ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।