ਲੁਧਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ ਸੀ ਐਸ ਟੀ ਸਨਅਤੀ ਹੱਬ ਅਤੇ ਜ਼ੀਰੋ ਡਿਫ਼ੈਕਟ ਜ਼ੀਰੋ ਇਫ਼ੈਕਟ ਯੋਜਨਾ ਲਾਂਚ ਕੀਤੀ ਹੈ। ਐਮ. ਐਸ. ਐਮ. ਈ. ਸਨਅਤਕਾਰਾਂ ਨੂੰ ਐਵਾਰਡ ਦੇਣ ਲਈ ਲੁਧਿਆਣੇ ਪਹੁੰਚੇ ਪ੍ਰਧਾਨ ਮੰਤਰੀ ਨੇ ਮੇਕ ਈਨ ਇੰਡੀਆ ਮੁਹਿੰਮ ਨੂੰ ਸਫਲ ਕਰਨ ਲਈ ਸਹਿਯੋਗ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਸਨਅਤਕਾਰਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਬਚਨਬੱਧ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਮਾਲ ਸਕੇਲ ਇੰਡਸਟਰੀ ਪ੍ਰੋਗਰਾਮ ਦੇ ਤਹਿਤ 500 ਮਹਿਲਾਵਾਂ ਨੂੰ ਚਰਖੇ ਵੀ ਵੰਡੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਲਿਤ ਕਾਰਡ ਵੀ ਖੇਡਿਆ।
ਉਨ੍ਹਾਂ ਆਖਿਆ ਕਿ ਦਲਿਤਾਂ ਦੀ ਰੱਖਿਆ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦੇਸ਼ ਵਿੱਚ ਜਦੋਂ ਵੀ ਕਿਸੇ ਦਲਿਤ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਦੁੱਖ ਹੁੰਦਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਖ਼ਿਲਾਫ਼ ਕੀਤੇ ਗਏ ਸਰਜੀਕਲ ਸਟ੍ਰਾਈਕ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ਼ ਕੀਤੀ। ਇਸ ਦੌਰਾਨ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਲਈ ਵਿਸ਼ੇਸ਼ ਸਹਿਯੋਗ ਦੀ ਮੰਗ ਵੀ ਕੀਤੀ ਹੈ ਤਾਂ ਜੋ ਕਿ ਪਹਿਲਾਂ ਭਾਰਤ-ਪਾਕਿ ਵੰਡ ਅਤੇ ਬਾਅਦ ਵਿਚ ਲੰਮਾ ਸਮਾਂ ਖਾੜਕੂਵਾਦ ਕਾਰਨ ਆਰਥਿਕ ਪੱਖੋਂ ਡਾਵਾਂਡੋਲ ਹੋ ਚੁੱਕੇ ਇਸ ਸਰਹੱਦੀ ਸੂਬੇ ਦੇ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ। ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਸਨਅਤੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਨੂੰ ਲਾਹੇਵੰਦਾ ਬਣਾਉਣ ਲਈ ਵਿਸ਼ੇਸ਼ ਮਾਹਿਰਾਂ ਦੀਆਂ ਦੋ ਵੱਖ ਵੱਖ ਕਮੇਟੀਆਂ ਬਣਾ ਕੇ ਵਿਸ਼ੇਸ ਮੁਹਿੰਮ ਵਿੱਢੀ ਜਾਵੇ ਤਾਂ ਜੋ ਕਿਸਾਨਾਂ ਤੇ ਮਜ਼ਦੂਰਾਂ ਦੋਵਾਂ ਨੂੰ ਲਾਭ ਮਿਲ ਸਕੇ।