ਤਰਨ ਤਾਰਨ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਜਨਰਲ ਜੇ.ਜੇ. ਸਿੰਘ ਨੇ ਸਿੱਖ ਪੰਥ ਦੀ ਭਾਵਨਾਵਾਂ ਦੀ ਕਦਰ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦਿੱਤਾ ਹੈ ਜੋ ਕੌਮ ਪ੍ਰਤੀ ਬਹੁਤ ਵੱਡੀ ਕੁਰਬਾਨੀ ਹੈ। ਇਸ ਲਈ ਬੀਬੀ ਖਾਲੜਾ ਨੂੰ ਵੀ ਸਾਰੇ ਹਮਖਿਆਲ ਲੋਕਾਂ ਤੇ ਸਿਆਸੀ ਪਾਰਟੀਆਂ ਦਾ ਸਮਰਥਨ ਹਾਸਲ ਕਰਨ ਲਈ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨੀ ਚਾਹੀਦੀ ਹੈ। ਇਸ ਲਈ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਇਸ ਨੇਕ ਕਾਰਜ ਲਈ ਵਿਘਨ ਨਹੀਂ ਪਾਉਣਾ ਚਾਹੀਦਾ ਹੈ।

ਰਅਸਲ ਉਹ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਅਮਰਕੋਟ ਵਿੱਚ ਖੇਮਕਰਨ ਹਲਕਾ ਇੰਚਾਰਜ ਦਲਜੀਤ ਸਿੰਘ ਗਿੱਲ ਅਮਰਕੋਟ ਵੱਲੋਂ ਕਰਾਏ ਨਿੱਜੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਹਨ। ਡਾ. ਰਤਨ ਸਿੰਘ ਅਜਨਾਲਾ ਨੇ ਸਾਰੇ ਹਮਖਿਆਲ ਸਿਆਸੀ ਦਲਾਂ ਨੂੰ ਬੀਬੀ ਖਾਲੜਾ ਨੂੰ ਸਾਂਝੇ ਤੌਰ 'ਤੇ ਸਮੱਰਥਨ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਪਾਰਟੀ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਬਾਦਲ ਤੇ ਕੈਪਟਨ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਜੋ ਨੁਕਸਾਨ ਕੀਤਾ ਹੈ, ਉਸ ਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂੰ ਹੈ। ਹੁਣ ਪੰਜਾਬ ਵਿੱਚ ਤੀਸਰਾ ਬਦਲ ਪੈਦਾ ਕਰਨ ਲਈ ਸੁਨਿਹਰੀ ਮੌਕਾ ਹੈ। ਉਨ੍ਹਾਂ ਸਾਰੀਆਂ ਹਮਖਿਆਲ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਤੇ ਤੀਜੇ ਮੋਰਚੇ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਜਨਰਲ ਜੇ.ਜੇ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਫੌਜ ਵਿੱਚ ਦੇਸ਼ ਦੀ ਸੇਵਾ ਕੀਤੀ ਸੀ ਤੇ ਹੁਣ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਮੈਂ ਪਰਮਜੀਤ ਕੌਰ ਖਾਲੜਾ ਦਾ ਪ੍ਰਚਾਰ ਕਰ ਰਿਹਾ ਹਾਂ ਤੇ ਮੈਂ ਸਿੱਖ ਕੌਮ ਤੇ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਬੀਬੀ ਖਾਲੜਾ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਲਈ ਸਾਰੀਆਂ ਹਮਖਿਆਲ ਪਾਰਟੀਆਂ ਨੂੰ ਅਪੀਲ ਕਰਦੇ ਹਨ ਕਿ ਬੀਬੀ ਖਾਲੜਾ ਨੂੰ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ।