ਮਾਨਸਾ: ਖੇਤੀ ਕਾਨੂੰਨਾਂ ਖਿਲਾਫ ਡਟੀਆਂ 32 ਕਿਸਾਨ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਮੋਰਚਾ ਖੋਲ੍ਹ ਦਿੱਤੀ ਹੈ। ਇਨ੍ਹਾਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਜਥੇਬੰਦੀਆਂ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਅਕਾਲੀ ਦਲ ਦੇ ਲੀਡਰਾਂ ਵੱਲੋਂ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਦੇ ਪੋਸਟਰ ਸਾੜੇ ਗਏ ਹਨ ਤੇ ਉਸ ਖਿਲਾਫ਼ ਭੰਡੀ ਪ੍ਰਚਾਰ ਕੀਤਾ ਗਿਆ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਪਹਿਲਾਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹਨ ਤੇ ਮਗਰੋਂ ਲੋਕਾਂ ਦੇ ਵਿਰੋਧ ਕਰਕੇ ਯੂ-ਟਰਨ ਲੈਣ ਵਾਲੇ ਅਕਾਲੀ ਦਲ ਨੂੰ ਕਿਰਨਜੀਤ ਕੌਰ ਮਹਿਲ ਕਲਾਂ ਕਾਂਡ ਵਰਗੇ ਜਨਤਕ ਅੰਦੋਲਨ ਦੇ ਹੱਕ ਵਿੱਚ ਸਦਾ ਡਟੇ ਰਹਿਣ ਵਾਲੇ ਇਸ ਆਗੂ ਖ਼ਿਲਾਫ਼ ਬੋਲਣ ਦਾ ਕੋਈ ਹੱਕ ਨਹੀਂ।

ਇਨਕਲਾਬੀ ਲੀਡਰ ਨਰਾਇਣ ਦੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੇ ਆਗੂ ਮਨਜੀਤ ਸਿੰਘ ਧਨੇਰ ਖ਼ਿਲਾਫ਼ ਬਿਆਨਬਾਜ਼ੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਆ ਗਿਆ ਫ਼ੈਸਲਾ ਬਿਲਕੁਲ ਦਰੁੱਸਤ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਿਸਾਨ ਅੰਦੋਲਨ ਦੇ ਪ੍ਰਮੁੱਖ ਆਗੂਆਂ ਦਾ ਝੂਠਾ ਭੰਡੀ ਪ੍ਰਚਾਰ ਕਾਰਨ ਤੋਂ ਸਿਵਾਏ ਕੁਝ ਨਹੀਂ।

ਉਨ੍ਹਾਂ ਕਿਹਾ ਕਿ ਇੱਕ ਕਾਨਫਰੰਸ ਦੌਰਾਨ ਮਨਜੀਤ ਸਿੰਘ ਧਨੇਰ ਵੱਲੋਂ ਪਿਛਲੇ ਦਿਨੀਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਪਹਿਲੇ ਕਾਲੇ ਖੇਤੀ ਕਾਨੂੰਨਾਂ ਦੀ ਕੀਤੀ ਵਕਾਲਤ ਤੇ ਭਾਜਪਾ ਨਾਲ ਗੂੜ੍ਹੇ ਰਿਸ਼ਤੇ ਨੂੰ ਸਿਆਸੀ ਟਿੱਪਣੀ ਕਰਕੇ ਪਰਿਭਾਸ਼ਤ ਕੀਤਾ ਸੀ, ਜਿਸ ਨੂੰ ਕੱਟ-ਵੱਡ ਕੇ ਅਕਾਲੀ ਆਗੂ ਕਿਸਾਨ ਨੇਤਾ ਦੇ ਪੁਤਲੇ ਸਾੜਨ ਤੱਕ ਚਲੇ ਗਏ।

ਇਸ ਮੌਕੇ ਐਡਵੋਕੇਟ ਬਲਵੀਰ ਕੌਰ ਸਿੱਧੂ ਨੇ ਕਿਹਾ ਕਿ ਮਨਜੀਤ ਸਿੰਘ ਧਨੇਰ ਸਿਰਫ ਕਿਸਾਨ ਨੁਮਾਇੰਦਾ ਹੀ ਨਹੀਂ, ਪੰਜਾਬ ਦੀ ਧਰਤੀ ’ਤੇ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਬਦਲੇ ਝੂਠੀ ਉਮਰ ਕੈਦ ਦਾ ਸਾਹਮਣਾ ਕਰਨ ਵਾਲਾ ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦਾ ਪ੍ਰਮੁੱਖ ਆਗੂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਉਸ ਨੂੰ ਬਦਨਾਮ ਨਹੀਂ ਕਰ ਸਕਦੀਆਂ। 


 


 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ