ਚੰਡੀਗੜ੍ਹ: ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਸੀਆਈਏ ਸਟਾਫ਼ ਦੇ ਦੋ ਏਐਸਆਈ ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਜੈਪਾਲ ਤੇ ਉਸ ਦੇ ਸਾਥੀਆਂ ਦੀ ਭਾਲ ਲਈ ਲੁਧਿਆਣਾ ਤੇ ਜਗਰਾਉਂ ਪੁਲਿਸ ਨੇ ਚੰਡੀਗੜ੍ਹ ਵਿਖੇ ਛਾਪਾ ਮਾਰੇ। ਪੁਲਿਸ ਨੇ ਇੱਥੋਂ ਦੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਇਹ ਖੁਲਾਸਾ ਹੋਇਆ ਹੈ ਕਿ ਜੈਪਾਲ ਪਿਛਲੇ 6 ਮਹੀਨਿਆਂ ਤੋਂ ਨਕਲੀ ਡਰਾਈਵਿੰਗ ਲਾਇਸੈਂਸ ਵਿਖਾ ਕੇ ਐਨਆਰਆਈ ਦੇ ਘਰ ਕਿਰਾਏ 'ਤੇ ਰਹਿ ਰਿਹਾ ਸੀ।
ਡੀਜੀਪੀ ਦਿਨਕਰ ਗੁਪਤਾ ਨੇ ਜੈਪਾਲ ਭੁੱਲਰ ਵਿਰੁੱਧ 10 ਲੱਖ, ਬਲਜਿੰਦਰ ਸਿੰਘ ਉਰਫ਼ ਬੱਬੀ, ਜਸਪ੍ਰੀਤ ਸਿੰਘ ਉਰਫ ਜੱਸੀ ਤੇ ਦਰਸ਼ਨ ਸਿੰਘ ਨੂੰ 5 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਜਾਂਚ 'ਚ ਪਤਾ ਲੱਗਿਆ ਕਿ ਜੈਪਾਲ ਨੇ ਦਰਸ਼ਨ ਦੇ ਪਿੰਡ ਸਹੋਲੀ ਦੇ ਖੇਤਾਂ 'ਚ ਬਣੇ ਇੱਕ ਮੋਟਰ 'ਚ ਡੇਢ ਮਹੀਨੇ ਰਹਿਣ ਤੋਂ ਬਾਅਦ ਆਪਣੀ ਰਿਹਾਇਸ਼ ਬਦਲ ਦਿੱਤੀ ਸੀ, ਕਿਉਂਕਿ ਉੱਥੇ ਵੱਧ ਲੋਕ ਆਉਂਦੇ-ਜਾਂਦੇ ਸਨ। ਦਰਸ਼ਨ ਨੇ ਜੈਪਾਲ ਦੀ ਇੱਕ ਪ੍ਰਾਪਰਟੀ ਡੀਲਰ ਨਾਲ ਜਾਣ-ਪਛਾਣ ਕਰਵਾਈ ਸੀ ਤੇ ਉਸ ਨੂੰ ਇੱਕ ਮਕਾਨ ਦਿਵਾਇਆ ਸੀ। ਡੀਜੀਪੀ ਨੇ ਸੋਸ਼ਲ ਮੀਡੀਆ 'ਤੇ ਦੋਸ਼ੀਆਂ ਨੂੰ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਾ ਐਲਾਨ ਕੀਤਾ ਹੈ।
ਜੈਪਾਲ ਭੁੱਲਰ ਦਾ ਪਿਤਾ ਭੁਪਿੰਦਰ ਸਿੰਘ ਪੰਜਾਬ ਪੁਲਿਸ 'ਚ ਏਐਸਆਈ ਸੀ। ਇਹ ਕਿਹਾ ਜਾਂਦਾ ਹੈ ਕਿ ਉਸ ਦੇ ਕੋਲ ਪੁਲਿਸ 'ਚ ਵੀ ਬਹੁਤ ਸਾਰੇ ਸ੍ਰੋਤ ਹਨ, ਜਿਸ ਕਾਰਨ ਉਸ ਨੂੰ ਪੁਲਿਸ ਦੀ ਗਤੀਵਿਧੀ ਦਾ ਪਤਾ ਲੱਗ ਜਾਂਦਾ ਹੈ। ਜਦਕਿ ਦਰਸ਼ਨ ਦਾ ਨਜ਼ਦੀਕੀ ਰਿਸ਼ਤੇਦਾਰ ਪੰਜਾਬ ਪੁਲਿਸ 'ਚ ਐਸਪੀ ਦੇ ਅਹੁਦੇ 'ਤੇ ਹੈ। ਜੈਪਾਲ ਖਿਲਾਫ਼ ਪੁਲਿਸ ਰਿਕਾਰਡ 'ਚ ਤਕਰੀਬਨ 45 ਪਰਚੇ ਦਰਜ ਹਨ।
ਓਕੂ ਨੇ ਪ੍ਰੋਡਕਸ਼ਨ ਵਾਰੰਟ 'ਤੇ ਲੈ ਲਿਆ ਸੀ ਜੈਪਾਲ ਦਾ ਭਰਾ
11 ਮਈ ਨੂੰ ਦੋਰਾਹਾ ਜੀਟੀ ਰੋਡ 'ਤੇ ਪੁਲਿਸ ਨਾਕੇ 'ਤੇ ਰੋਕੇ ਜਾਣ 'ਤੇ ਜੈਪਾਲ ਤੇ ਉਸ ਦੇ ਸਾਥੀ ਨੇ ਦੋ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ ਤੇ ਉੱਥੋਂ ਫਰਾਰ ਹੋ ਗਏ ਸਨ। ਇਸ ਬਾਰੇ ਓਕੂ ਨੇ ਜੈਪਾਲ ਦੀ ਲੋਕੇਸ਼ਨ ਦਾ ਪਤਾ ਕਰਨ ਲਈ ਬਠਿੰਡਾ ਜੇਲ੍ਹ ਤੋਂ ਉਸ ਦੇ ਭਰਾ ਅੰਮ੍ਰਿਤਪਾਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਲਿਆ ਪਰ ਉਸ ਤੋਂ ਕੋਈ ਲੀਡ ਨਹੀਂ ਮਿਲ ਸਕੀ ਜਿਸ ਦਿਨ ਉਸ ਨੂੰ ਜੇਲ ਭੇਜਿਆ, ਉਸ ਦੇ ਅਗਲੇ ਹੀ ਦਿਨ ਜੈਪਾਲ ਨੇ ਕਾਂਡ ਕਰ ਦਿੱਤਾ।
ਜਾਅਲੀ ਦਸਤਾਵੇਜ਼ਾਂ ਦੀ ਲੰਬੀ ਸੂਚੀ
ਪੁਲਿਸ ਕੋਲ ਜੈਪਾਲ ਨਾਲ ਸਬੰਧਤ ਜੋ ਵੀ ਦਸਤਾਵੇਜ਼ ਆਏ ਹਨ, ਉਹ ਸਾਰੇ ਝੂਠੇ ਹਨ। ਦੋਰਾਹਾ ਨਾਕੇ 'ਤੇ ਡਿੱਗੇ ਜੈਪਾਲ ਦੇ ਬੈਗ 'ਚੋਂ ਜਿਹੜਾ ਲਾਇਸੈਂਸ ਮਿਲਿਆ, ਉਸ 'ਤੇ ਉਸ ਦੀ ਪੱਗ ਤੇ ਕੇਸ ਵਾਲੀ ਫੋਟੋ ਹੈ ਅਤੇ ਉਸ 'ਤੇ ਨਾਮ ਗੁਰਪ੍ਰੀਤ ਸਿੰਘ ਲਿਖਿਆ ਹੈ। ਜਦਕਿ ਜਿਸ ਆਧਾਰ ਕਾਰਡ ਨੂੰ ਉਸ ਨੇ ਆਪਣੇ ਪ੍ਰਾਪਰਟੀ ਡੀਲਰ ਨੂੰ ਵਿਖਾਇਆ ਸੀ, ਉਸ 'ਤੇ ਵੀ ਪੱਗ ਵਾਲੀ ਫ਼ੋਟੋ ਸੀ, ਪਰ ਇਸ ਉੱਤੇ ਬਲਜਿੰਦਰ ਸਿੰਘ ਨਾਮ ਲਿਖਿਆ ਹੋਇਆ ਸੀ।