ਫਰੀਦਕੋਟ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੋਫਾੜ ਹੋ ਗਈ ਹੈ। ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੋਂ ਨਾਰਾਜ਼ ਕਿਸਾਨ ਨੇ ਨਵੀਂ ਜਥੇਬੰਦੀ ਬਣਾ ਲਈ ਹੈ। ਇਸ ਨਾਲ ਰਾਜੇਵਾਲ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਕਿਸਾਨ ਲੀਡਰਾਂ ਨੇ ਰਾਜੇਵਾਲ ਨੂੰ ਅਲਵਿਦਾ ਕਹਿ ਕੇ ਵੱਖਰੀ ਜਥੇਬੰਦੀ ਬਣਾ ਲਈ ਹੈ।
ਸ਼ਨੀਵਾਰ ਨੂੰ ਫਰੀਦਕੋਟ ਦੀ ਅਨਾਜ ਮੰਡੀ ਵਿੱਚ ਬੀਕੇਯੂ (ਰਾਜੇਵਾਲ) ਨੂੰ ਛੱਡ ਕੇ ਆਏ ਆਗੂਆਂ ਤੇ ਵਰਕਰਾਂ ਦਾ ਵੱਡਾ ਇਕੱਠ ਹੋਇਆ। ਇਸ ਵਿੱਚ ਸੱਤ ਜ਼ਿਲ੍ਹਿਆਂ ਦੇ ਕਿਸਾਨ ਲੀਡਰਾਂ ਨੇ ਹਿੱਸਾ ਲਿਆ। ਰਾਜੇਵਾਲ ਧੜੇ ਨੂੰ ਛੱਡ ਕੇ ਆਏ ਕਿਸਾਨਾਂ ਨੇ ਕੌਮੀ ਕਿਸਾਨ ਯੂਨੀਅਨ ਨਾਮ ਦੀ ਨਵੀਂ ਜਥੇਬੰਦੀ ਦਾ ਗਠਨ ਕਰਕੇ ਬਿੰਦਰ ਸਿੰਘ ਗੋਲੇਵਾਲਾ ਨੂੰ ਇਸ ਯੂਨੀਅਨ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ।
ਬਲਵੰਤ ਸਿੰਘ ਰਾਜੋਆਣਾ ਦੀ ਹੋ ਸਕਦੀ ਜਲਦ ਰਿਹਾਈ, ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ 30 ਅਪਰੈਲ ਤੱਕ ਫੈਸਲਾ ਲੈਣ ਦਾ ਹੁਕਮ
ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਉਹ ਬਲਬੀਰ ਸਿੰਘ ਰਾਜੇਵਾਲ ਦੀ ਭੂਮਿਕਾ ਜਾਂ ਅਗਵਾਈ ’ਤੇ ਕਿਸੇ ਵੀ ਤਰ੍ਹਾਂ ਦੀ ਤੌਹਮਤ ਨਹੀਂ ਲਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕਿਸਾਨੀ ਹਿੱਤਾਂ ਦੀ ਰਾਖੀ ਲਈ ਨਵੀਂ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ ਤੇ ਛੇਤੀ ਹੀ ਜ਼ਿਲ੍ਹਾ ਪੱਧਰੀ ਇਕਾਈਆਂ ਵੀ ਤਿਆਰ ਕੀਤੀਆਂ ਜਾਣਗੀਆਂ। ਸਮਾਗਮ ਵਿੱਚ 500 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਤੇ ਸਾਰਿਆਂ ਨੇ ਸਰਬਸੰਮਤੀ ਨਾਲ ਬਿੰਦਰ ਸਿੰਘ ਗੋਲੇਵਾਲਾ ਨੂੰ ਨਵੀਂ ਜਥੇਬੰਦੀ ਦਾ ਪ੍ਰਧਾਨ ਐਲਾਨਿਆ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੈਂਕੜੇ ਕਿਸਾਨਾਂ ਨੇ ਬੀਕੇਯੂ (ਰਾਜੇਵਾਲ) ਤੋਂ ਅਸਤੀਫਾ ਦੇ ਦਿੱਤਾ ਸੀ। ਰਾਜੇਵਾਲ ਧੜੇ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਫੈ਼ਸਲੇ ਤੋਂ ਬਾਅਦ ਨਿਰਾਸ਼ ਹੋਏ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਇਨ੍ਹਾਂ ਆਗੂਆਂ ਨੇ ਨਵੀਂ ਕਿਸਾਨ ਯੂਨੀਅਨ ਦਾ ਗਠਨ ਕੀਤਾ ਹੈ।