ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸਵੇਰੇ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਚੰਡੀਗੜ੍ਹ ਵਿੱਚ ਕਰੀਬ 500 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਸਵੇਰੇ 11 ਵਜੇ ਦੇ ਕਰੀਬ ਉਹ ਸੈਕਟਰ-17 ਵਿੱਚ ਨਵੇਂ ਬਣੇ ਅਰਬਨ ਪਾਰਕ ਦਾ ਉਦਘਾਟਨ ਕਰਨਗੇ।
ਇਸ ਦੇ ਨਾਲ ਹੀ ਉਹ ਸੈਕਟਰ-17 ਵਿੱਚ 274 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਉਦਘਾਟਨ ਕਰਨਗੇ। ਸੂਤਰਾਂ ਅਨੁਸਾਰ ਅਮਿਤ ਸ਼ਾਹ ਸ਼ਹਿਰ ਦੀਆਂ ਕਈ ਥਾਵਾਂ 'ਤੇ ਇਸ ਪ੍ਰਾਜੈਕਟ ਦਾ ਵੈਚੂਅਲੀ ਉਦਘਾਟਨ ਵੀ ਕਰ ਸਕਦੇ ਹਨ।
ਇਨ੍ਹਾਂ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਆਈ.ਸੀ.ਸੀ.ਸੀ ਤੋਂ ਇਲਾਵਾ ਅਮਿਤ ਸ਼ਾਹ ਵੱਲੋਂ 336 ਪੁਲਿਸ ਘਰਾਂ ਲਈ 70 ਕਰੋੜ ਰੁਪਏ ਦਾ ਪ੍ਰਾਜੈਕਟ, 60 ਕਰੋੜ ਰੁਪਏ ਦਾ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਇਮਾਰਤ, ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ 17 ਕਰੋੜ ਰੁਪਏ ਦਾ ਪ੍ਰਾਜੈਕਟ, ਸੈਕਟਰ-50 ਵਿੱਚ ਕਾਮਰਸ ਕਾਲਜ ਦੇ 15 ਕਰੋੜ ਦੇ ਹੋਸਟਲ ਦੇ ਬਲਾਕ ਦਾ ਉਦਘਾਟਨ, 20 ਕਰੋੜ ਦੀ ਲਾਗਤ ਨਾਲ ਦੋ ਸਰਕਾਰੀ ਕਾਲਜ, ਸੈਕਟਰ 17 ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਅਰਬਨ ਪਾਰਕ ਦਾ ਉਦਘਾਟਨ, ਸੈਕਟਰ 40 ਵਿੱਚ 246 ਪੁਲਿਸ ਘਰਾਂ ਦਾ ਨੀਂਹ ਪੱਥਰ ਸ਼ਾਮਲ ਹਨ।
ਉਨ੍ਹਾਂ ਦੇ ਮੁੱਖ ਪ੍ਰੋਗਰਾਮ ਵਿੱਚ ਦੁਪਹਿਰ 3.30 ਵਜੇ ਸੈਕਟਰ 17 ਅਰਬਨ ਪਾਰਕ ਅਤੇ ਧਨਾਸ ਸਥਿਤ ਚੰਡੀਗੜ੍ਹ ਪੁਲੀਸ ਕੰਪਲੈਕਸ ਦਾ ਦੌਰਾ ਸ਼ਾਮਲ ਹੈ। ਉਹ ਸੈਕਟਰ 17 ਦੇ ਖੇਡ ਸਟੇਡੀਅਮ ਤੋਂ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਨਗੇ। ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਸੀਮਤ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੰਡੀਗੜ੍ਹ ਪੁਲਿਸ ਸਮੇਤ ਫਾਇਰ ਬ੍ਰਿਗੇਡ ਨੇ ਵੀ ਰਿਹਰਸਲ ਕੀਤੀ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਹੀ ਸ਼ਹਿਰ ਨੂੰ ਕਾਫੀ ਚਮਕਾ ਕੇ ਰੱਖ ਦਿੱਤਾ ਹੈ। ਧਨਾਸ ਵਿੱਚ ਸੈਕਟਰ -17 ਤੋਂ ਪੁਲਿਸ ਹਾਊਸਿੰਗ ਕੰਪਲੈਕਸ ਤੱਕ ਦੀਆਂ ਸੜਕਾਂ ਪੂਰੀ ਤਰ੍ਹਾਂ ਜਗਮਗਾ ਚੁੱਕੀਆਂ ਹਨ।
ਇੰਨਾ ਹੀ ਨਹੀਂ ਸੜਕਾਂ ਦੇ ਕਿਨਾਰੇ ਨਵੇਂ ਫੁੱਲਦਾਰ ਪੌਦੇ ਵੀ ਲਗਾਏ ਗਏ ਹਨ। ਅਮਿਤ ਸ਼ਾਹ ਦੀ ਸ਼ਾਹੀ ਦਾਅਵਤ ਵੀ ਪੰਜਾਬ ਰਾਜ ਭਵਨ ਵਿੱਚ ਰੱਖੀ ਗਈ ਹੈ। ਕੇਂਦਰ ਦੇ ਕਈ ਹੋਰ ਵੱਡੇ ਮੰਤਰੀ ਤੇ ਭਾਜਪਾ ਆਗੂ ਵੀ ਉਨ੍ਹਾਂ ਦੇ ਨਾਲ ਆ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਦਾ ਦੌਰਾ ਪਹਿਲਾਂ 25 ਮਾਰਚ ਨੂੰ ਹੋਣਾ ਸੀ ਪਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਕਾਰਨ ਤਰੀਕ ਟਾਲ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਦੋ ਸਾਲ ਬਾਅਦ ਅੱਜ ਤੋਂ ਮੁੜ ਸ਼ੁਰੂ ਹੋਈਆਂ ਅੰਤਰਰਾਸ਼ਟਰੀ ਉਡਾਣਾਂ, ਕੋਰੋਨਾ ਮਹਾਮਾਰੀ ਕਾਰਨ ਲਗਾਈ ਸੀ ਪਾਬੰਦੀ