ਨਵੀਂ ਦਿੱਲੀ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਮਜ਼ਦੂਰਾਂ ਦੇ ਸੋਸ਼ਣ ਬਾਰੇ ਪੰਜਾਬ ਸਰਕਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੱਤਰ 'ਤੇ ਕਿਸਾਨਾਂ ਵਿੱਚ ਕਾਫੀ ਰੋਸ ਹੈ। ਇਸ ਨੂੰ ਵੇਖਦਿਆਂ ਹੁਣ ਅਮਿਤ ਸ਼ਾਹ ਅਧੀਨ ਆਉਂਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟੀਕਰਨ ਦਿੱਤਾ ਹੈ।

ਗ੍ਰਹਿ ਮੰਤਰਾਲੇ ਨੇ ਪੰਜਾਬ ਤੋਂ ਬਚਾਏ ਗਏ 58 ‘ਬੰਧੂਆ ਮਜ਼ਦੂਰਾਂ’ ਦੀ ਮਾੜੀ ਹਾਲਤ ਸਬੰਧੀ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਨੂੰ ਕਿਸਾਨ ਅੰਦੋਲਨ ਨਾਲ ਜੋੜਨ ਬਾਰੇ ਮੀਡੀਆ ’ਚ ਆਈਆਂ ਖ਼ਬਰਾਂ ਨੂੰ ‘ਤੋੜ-ਮਰੋੜ ਕੇ ਪੇਸ਼ ਕਰਨ’ ਤੇ ‘ਗੁੰਮਰਾਹ’ ਕਰਨ ਵਾਲੀਆਂ ਕਰਾਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਕਾਨੂੰਨ ਪ੍ਰਬੰਧ ਦੇ ਮੁੱਦੇ ’ਤੇ ਆਮ ਵਾਰਤਾ ਦਾ ਗਲਤ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ।

ਮੰਤਰਾਲੇ ਨੇ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਨੇ ਗਲਤ ਢੰਗ ਨਾਲ ਖ਼ਬਰ ਦਿੱਤੀ ਹੈ ਕਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸੂਬੇ ਦੇ ਕਿਸਾਨਾਂ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ। ਗ੍ਰਹਿ ਮੰਤਰਾਲੇ ਨੇ ਕਿਹਾ, ‘ਇਹ ਖ਼ਬਰਾਂ ਗੁੰਮਰਾਹ ਕਰਨ ਵਾਲੀਆਂ ਹਨ ਤੇ ਪੰਜਾਬ ਦੇ ਚਾਰ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਿਆਂ ’ਚ ਪਿਛਲੇ ਦੋ ਸਾਲਾਂ ’ਚ ਉੱਭਰੀ ਸਮਾਜਿਕ-ਆਰਥਿਕ ਸਮੱਸਿਆ ਬਾਰੇ ਸਾਧਾਰਨ ਟਿੱਪਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀਆਂ ਤੇ ਵਧੇਰੇ ਸੰਪਾਦਕੀ ਵਿਚਾਰਾਂ ਨਾਲ ਭਰੀਆਂ ਹੋਈਆਂ ਹਨ।

ਇਸ ਸਮੱਸਿਆ ਵੱਲ ਕੇਂਦਰੀ ਹਥਿਆਰਬੰਦ ਦਸਤਿਆਂ ਨੇ ਗ੍ਰਹਿ ਮੰਤਰਾਲੇ ਦਾ ਧਿਆਨ ਦਿਵਾਇਆ ਹੈ।’ ਮੰਤਰਾਲੇ ਨੇ ਕਿਹਾ, ‘ਪੱਤਰ ’ਚ ਸਪੱਸ਼ਟ ਤੌਰ ’ਤੇ ਸਿਰਫ਼ ਇਹ ਕਿਹਾ ਗਿਆ ਹੈ ਕਿ ਮਨੁੱਖੀ ਤਸਕਰੀ ਗਰੋਹ ਅਜਿਹੇ ਮਜ਼ਦੂਰਾਂ ਨੂੰ ਲਿਆਉਂਦੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾਂਦਾ ਹੈ।