ਉਧਰ, ਕਾਂਗਰਸ ਨੇ ਵੀ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਨੇ ਆਪਣੀ ਮਜ਼ਬੂਤ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦਿਲਚਸਪ ਹੈ ਕਿ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਵੀ ਇਸ ਹਲਕੇ ਤੋਂ ਕਿਸਮਤ ਅਜ਼ਮਾ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਵੋਟ ਵੰਡੀ ਜਾਵੇਗੀ।
ਯਾਦ ਰਹੇ ਪ੍ਰੋ. ਬਲਜਿੰਦਰ ਕੌਰ ਨੇ ‘ਆਪ’ ਦੀ ਹਨੇਰੀ ਵੇਲੇ ਤਲਵੰਡੀ ਸਾਬੋ ਤੋਂ ਜਿੱਤ ਹਾਸਲ ਕੀਤੀ ਸੀ। ਇਸ ਸੰਸਦੀ ਹਲਕੇ ਵਿੱਚ ‘ਆਪ’ ਦੇ ਤਿੰਨ ਵਿਧਾਇਕ ਹਨ ਤੇ ਤਿੰਨ ਬਾਗੀ ਵਿਧਾਇਕ ਹਨ। ਬਠਿੰਡਾ ਸੰਸਦੀ ਹਲਕੇ ਵਿੱਚ ‘ਆਪ’ ਦੇ ਪੰਜ ਵਿਧਾਇਕ ਹਨ, ਜਿਨ੍ਹਾਂ ’ਚ ਬਲਜਿੰਦਰ ਕੌਰ ਤੋਂ ਇਲਾਵਾ ਬਠਿੰਡਾ ਦਿਹਾਤੀ ਤੋਂ ਰੁਪਿੰਦਰ ਕੌਰ ਰੂਬੀ ਤੇ ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ ‘ਆਪ’ ਦੇ ਵਿਧਾਇਕ ਹਨ ਜਦੋਂਕਿ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਤੇ ਮੌੜ ਤੋਂ ਜਗਦੇਵ ਸਿੰਘ ਕਮਾਲੂ ਬਾਗੀ ਹੋ ਗਏ ਹਨ, ਜੋ ਸੁਖਪਾਲ ਸਿੰਘ ਖਹਿਰਾ ਨਾਲ ਖੜ੍ਹੇ ਹਨ।
ਕਾਂਗਰਸ ਤੇ ਅਕਾਲੀ ਦਲ ਇਸ ਗੱਲ਼ ਤੋਂ ਖੁਸ਼ ਹਨ ਕਿ ਆਮ ਆਦਮੀ ਪਾਰਟੀ ਆਪਸ ਵਿੱਚ ਹੀ ਉਲਝੇਗੀ। ਇਸ ਨਾਲ 'ਆਪ' ਦੀ ਵੋਟ ਵੰਡੀ ਜਾਏਗੀ। ਇਸ ਦਾ ਸਿੱਧਾ ਲਾਹਾ ਰਵਾਇਤੀ ਪਾਰਟੀਆਂ ਨੂੰ ਹੀ ਹੋਏਗਾ। ਸ਼੍ਰੋਮਣੀ ਅਕਾਲੀ ਦਲ ਖਿਲਾਫ ਚਾਹੇ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਹੈ ਪਰ ਦੂਜੇ ਪਾਸੇ ਡੇਰਾ ਸਿਰਸਾ ਦੀ ਵੋਟ ਅਕਾਲੀ ਦਲ ਵੀ ਭੁਗਤਣ ਦੇ ਸੰਕੇਤ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਬੇਅਦਬੀ ਤੇ ਗੋਲੀ ਕਾਂਡ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਡੇਰਾ ਸਿਰਸਾ 'ਤੇ ਤਿੱਖੇ ਹਮਲੇ ਕਰ ਰਹੇ ਹਨ। ਇਸ ਲਈ ਡੇਰਾ ਪ੍ਰੇਮੀ ਦੋਵਾਂ ਪਾਰਟੀਆਂ ਨਾਲ ਨਾਰਾਜ਼ ਹਨ।