ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਜੰਮੂ ਦੇ ਇੰਡੀਅਨ ਏਅਰ ਫੋਰਸ ਸਟੇਸ਼ਨ 'ਤੇ ਐਤਵਾਰ ਨੂੰ ਸ਼ੱਕੀ ਡ੍ਰੋਨ ਵੱਲੋਂ ਵਿਸਫੋਟਕ ਸਮੱਗਰੀ ਸੁੱਟਣ ਦੀ ਘਟਨਾ ਤੋਂ ਕਈ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡ੍ਰੋਨ ਹਮਲਿਆਂ ਦੇ ਖ਼ਤਰੇ ਬਾਰੇ ਚੇਤਾਵਨੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ 'ਚ ਉਨ੍ਹਾਂ ਨੇ ਪਾਕਿਸਤਾਨ ਤੋਂ ਯੂਏਵੀ ਤੇ ਡ੍ਰੋਨ ਹਥਿਆਰਾਂ ਦੀ ਸਪਲਾਈ ਰੋਕਣ ਲਈ ਉਪਾਅ ਕਰਨ ਦੀ ਮੰਗ ਵੀ ਕੀਤੀ।


ਪੰਜਾਬ ਦੇ ਟੌਪ ਸੁਰੱਖਿਆ ਅਧਿਕਾਰੀਆਂ ਮੁਤਾਬਕ ਸੀਐਮ ਅਮਰਿੰਦਰ ਨੇ ਨਵੰਬਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੱਤਰ ਲਿਖਿਆ ਸੀ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ ‘ਤੇ ਵੀ ਗੱਲਬਾਤ ਕੀਤੀ ਸੀ। ਇਸ ਦੇ ਬਾਵਜੂਦ ਕੇਂਦਰ ਸਰਕਾਰ ਚੌਕਸ ਨਹੀਂ ਹੋਈ ਸੀ।


'ਦ ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਇੱਕ ਰਿਪੋਰਟ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ 70-80 ਡ੍ਰੋਨ ਦੇਖੇ ਗਏ। ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਤੋਂ ਬਾਅਦ ਸਟੇਟ ਇੰਟੈਲੀਜੈਂਸ ਚੀਫ, ਪੰਜਾਬ ਪੁਲਿਸ ਤੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦਰਮਿਆਨ ਉੱਚ ਪੱਧਰੀ ਮੀਟਿੰਗਾਂ ਵੀ ਹੋਈਆਂ ਸੀ।


ਚੀਨ ਵੱਲੋਂ ਬਣਾਏ ਹੇਕਸਾਗੋਨਲ ਡ੍ਰੋਨ ਤੋਂ ਰਾਈਫਲ ਤੇ ਪਿਸਤੌਲ ਸੁੱਟਣ ਦੀ ਦਿੱਤੀ ਜਾਣਕਾਰੀ


21 ਨਵੰਬਰ, 2020 ਨੂੰ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਗਸਤ 2019 ਵਿੱਚ ਅਮ੍ਰਿਤਸਰ ਦੇ ਹੁਸ਼ਿਆਰਨਗਰ ਵਿੱਚ ਚੀਨ ਵੱਲੋਂ ਬਣਾਏ ਹੇਕਸਾਗੋਨਲ ਡ੍ਰੋਨ ਰਾਹੀਂ ਰਾਈਫਲਾਂ ਤੇ ਪਿਸਤੌਲ ਸੁੱਟਣ ਬਾਰੇ ਦੱਸਿਆ। ਇਸ ਦੇ ਨਾਲ ਹੀ ਫਿਰੋਜ਼ਪੁਰ ਤੇ ਤਰਨ ਤਾਰਨ ਸੈਕਟਰਾਂ ਵਿੱਚ ਡ੍ਰੋਨ ਵੇਖਣ ਬਾਰੇ ਜਾਣਕਾਰੀ ਦਿੱਤੀ ਗਈ।


ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਸੀ ਕਿ ਸਰਹੱਦ ਪਾਰ ਤੋਂ ਲਗਪਗ 5 ਕਿਲੋਮੀਟਰ ਦੂਰ ਭਾਰਤੀ ਸਰਹੱਦ ਦੇ ਅੰਦਰ ਨਿਰਧਾਰਤ ਸਥਾਨਾਂ ਤੇ ਵੱਡੇ ਡ੍ਰੋਨਾਂ ਰਾਹੀਂ ਹਥਿਆਰ ਪਹੁੰਚਾਉਣਾ ਰਾਸ਼ਟਰੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ ਤੇ ਜਨਤਕ ਸਭਾਵਾਂ ਤੇ ਸਮਾਗਮਾਂ ਦੀ ਸੁਰੱਖਿਆ ਲਈ ਇਸ ਦੇ ਗੰਭੀਰ ਪ੍ਰਭਾਵ ਹਨ।


ਵਿਚਾਰ-ਵਟਾਂਦਰੇ ਲਈ ਉੱਚ ਪੱਧਰੀ ਮੀਟਿੰਗ ਬੁਲਾਉਣ ਦੀ ਮੰਗ


ਸੀਐਮ ਕੈਪਟਨ ਨੇ ਪ੍ਰਧਾਨ ਮੰਤਰੀ ਤੋਂ ਡ੍ਰੋਨ ਖ਼ਤਰੇ ਦੀ ਜਾਂਚ ਲਈ ਉੱਚ ਪੱਧਰੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਸੀ ਤਾਂ ਜੋ ਇਨ੍ਹਾਂ ਮੂਵਮੈਂਟ ਡਿਟੈਕਸ਼ਨ ਰਾਡਾਰ ਵਰਗੇ ਬੁਨਿਆਦੀ ਢਾਂਚੇ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਉਨ੍ਹਾਂ ਲਿਖਿਆ, “ਅਜਿਹੇ ਡ੍ਰੋਨ ਦੀ ਵਰਤੋਂ ਵਿਰੁੱਧ ਢੁਕਵੇਂ ਪ੍ਰਤੀਕ੍ਰਿਆਵਾਂ ਨੂੰ ਵੀ ਵਿਕਸਤ ਕਰਨ ਦੀ ਜ਼ਰੂਰਤ ਹੋਏਗੀ, ਕਿਉਂਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਕਿਸਤਾਨ ਸਰਹੱਦ ਪਾਰੋਂ ਪਾਬੰਦੀਸ਼ੁਦਾ ਸਮੱਗਰੀ ਪਹੁੰਚਾਉਣ ਲਈ ਅਜਿਹੇ ਪਲੇਟਫਾਰਮ ਤਾਇਨਾਤ ਕਰ ਰਿਹਾ ਹੈ।


ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਮੁਤਾਬਕ ਡ੍ਰੋਨ ਹਮਲੇ ਤੇ ਹਥਿਆਰ ਸੁੱਟਣਾ ਲਗਾਤਾਰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਬੀਐਸਐਫ ਸਣੇ ਕੇਂਦਰੀ ਏਜੰਸੀਆਂ ਨੂੰ ਇੱਕ ਕਾਊਂਟਰ ਮਕੈਨਿਜ਼ਮ ਤਿਆਰ ਕਰਨ ਤੇ ਬੁਨਿਆਦੀ ਢਾਂਚੇ ਦੀ ਯੋਜਨਾ ਬਣਾਉਣ ਦੀ ਤੁਰੰਤ ਲੋੜ ਹੈ।


ਇਹ ਵੀ ਪੜ੍ਹੋ: Punjab Congress Crisis: Navjot Singh Sidhu ਪਹੁੰਚੇ ਦਿੱਲੀ ਦਰਬਾਰ! ਅੱਜ ਹੋਏਗਾ ਆਖਰੀ ਫੈਸਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904