'ਆਪ' ਦੇ ਬਿਜਲੀ ਅੰਦੋਲਨ ਦਾ 6000 ਪਿੰਡਾਂ ਤੱਕ ਕਰੰਟ
ਏਬੀਪੀ ਸਾਂਝਾ | 27 Feb 2019 05:51 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਖ਼ਿਲਾਫ਼ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਤਹਿਤ 'ਆਪ' ਆਗੂਆਂ ਨੇ ਹੁਣ ਤੱਕ ਸੂਬੇ ਦੇ ਕਰੀਬ 6000 ਪਿੰਡਾਂ ਤੱਕ ਪਹੁੰਚ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 'ਆਪ' ਆਗੂ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਬਿਜਲੀ ਬਾਰੇ ਸਮੱਸਿਆ ਬਾਰੇ ਸੁਣਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਣਵਾਈ ਦੌਰਾਨ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾਂਦਾ ਹੈ। ਮਾਨ ਨੇ ਦੱਸਿਆ ਕਿ ਬਿਜਲੀ ਸ਼ਿਕਾਇਤਾਂ ਦੀ ਸੁਣਵਾਈ ਦੌਰਾਨ ਗ਼ਰੀਬ ਵਿਅਕਤੀਆਂ, ਜਿਨ੍ਹਾਂ ਦੇ ਘਰ ਇੱਕ ਬਲਬ ਜਾਂ ਪੱਖਾ ਹੀ ਚੱਲਦਾ ਹੈ, ਉਨ੍ਹਾਂ ਦੇ ਵੀ ਹਜ਼ਾਰਾਂ ਰੁਪਏ ਬਿੱਲ ਆਉਣ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ 'ਆਪ' ਆਗੂ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਬਿਜਲੀ ਅਧਿਕਾਰੀਆਂ ਨਾਲ ਮਿਲ ਰਹੇ ਹਨ ਤੇ ਸਮੱਸਿਆਵਾਂ ਦਾ ਹੱਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 'ਆਪ' ਆਗੂਆਂ ਦੇ ਦਬਾਅ ਕਾਰਨ ਬਿਜਲੀ ਦੇ ਬਿੱਲ ਘਟਾਉਣ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ ਜੋ ਆਮ ਲੋਕਾਂ ਲਈ ਸਕੂਨ ਦੇਣ ਵਾਲਾ ਹੈ। ਮਾਨ ਨੇ ਦੱਸਿਆ ਕਿ ਅੱਜ ਵੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਡਿਆਲ ਤੇ ਮਹਿਲਾਂ ਪਿੰਡ, ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਬੁਢਲਾਡਾ ਦੇ ਦਲੇਰਵਾਲਾ, ਲਖਮੀਰਵਾਲਾ, ਅੱਕਾਵਾਲਾ, ਜੋਈਆਂ, ਪਹਾੜਵਾਲਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸ਼ਹਿਰ, ਵਿਧਾਇਕ ਅਮਨ ਅਰੋੜਾ ਨੇ ਈਲਵਾਲ, ਗੱਗੜਪੁਰ, ਕਮੋਮਾਜਰਾ ਕਲਾਂ, ਖੁਰਾਨੀਆਂ ਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਬਠਿੰਡਾ ਦਿਹਾਤੀ ਦੇ ਪਿੰਡਾਂ ਦਾ ਦੌਰਾ ਕਰਕੇ ਬਿਜਲੀ ਸੁਣਵਾਈਆਂ ਕੀਤੀਆਂ। ਮਾਨ ਨੇ ਦੱਸਿਆ ਕਿ ਬਿਜਲੀ ਅੰਦੋਲਨ ਤਹਿਤ ਦੌਰਾ ਕੀਤਾ ਗਏ 6 ਹਜ਼ਾਰ ਪਿੰਡਾਂ ਵਿੱਚੋਂ 4800 ਪਿੰਡਾਂ ਵਿੱਚ ਬਿਜਲੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿਜਲੀ ਕਮੇਟੀਆਂ ਪੀੜਤ ਪਰਿਵਾਰਾਂ ਦੀਆਂ ਸੂਚੀਆਂ ਤਿਆਰ ਕਰਕੇ ਬਿਜਲੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੀਆਂ।