ਚੰਡੀਗੜ੍ਹ: ਪੰਜਾਬ ਸਰਕਾਰ ਦੀ ਅਧਿਆਪਕਾਂ 'ਤੇ ਸਖਤੀ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ। 'ਆਪ' ਨੇ ਕਿਹਾ ਹੈ ਕਿ ਆਪਣੀਆਂ ਸਮੱਸਿਆਵਾਂ ਤੇ ਹੱਕੀ ਮੰਗਾਂ ਲਈ ਅਧਿਆਪਕਾਂ ਦਾ ਸੰਘਰਸ਼ ਜਾਇਜ਼ ਹੈ। ਪਾਰਟੀ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਅਧਿਆਪਕਾਂ ਪ੍ਰਤੀ ਸਨਮਾਨ ਨਾਲ ਪੇਸ਼ ਤੇ ਮਸਲੇ ਦਾ ਠੋਸ ਹੱਲ ਕੱਢੇ।

'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਸਰਕਾਰ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਸਰਕਾਰ ਦਾ ਇਹ ਵਰਤਾਰਾ ਲੋਕ ਵਿਰੋਧੀ ਤੇ ਸਿੱਖਿਆ ਵਿਰੋਧੀ ਹੈ, ਕਿਉਂਕਿ ਇਹ ਅਧਿਆਪਕ ਹੀ ਹਨ ਜਿੰਨਾ ਨੇ ਭਵਿੱਖ ਦੇ ਸਮਾਜ ਦੀ ਪਨੀਰੀ ਤਿਆਰ ਕਰਨੀ ਹੈ। ਦੇਸ਼ ਦਾ ਭਵਿੱਖ ਕੀ ਹੋਵੇਗਾ ਇਹ ਅਧਿਆਪਕ ਦੀ ਸਿੱਖਿਆ ਉੱਪਰ ਹੀ ਨਿਰਭਰ ਕਰਦਾ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨਾ ਤਾਂ ਦੂਰ ਉਨ੍ਹਾਂ ਨੂੰ ਸੁਣਨ ਦੇ ਮੂਡ ਵਿੱਚ ਵੀ ਨਹੀਂ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਉਹ ਸੂਬੇ ਦੀ ਸਿੱਖਿਆ ਪ੍ਰਤੀ ਕਿੰਨੀ ਕੁ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਇਸ ਵਰਤਾਰੇ ਰਾਹੀਂ ਆਪਣਾ ਲੋਕ ਵਿਰੋਧੀ ਚਿਹਰਾ ਤਾਂ ਦਿਖਾ ਹੀ ਰਹੀ ਹੈ ਤੇ ਨਾਲ ਹੀ ਸਮਾਜ ਦੀ ਸਨਮਾਨਤ ਪਦਵੀ ਅਧਿਆਪਕ ਦਾ ਵੀ ਨਿਰਾਦਰ ਕਰ ਰਹੀ ਹੈ।

ਬੁੱਧਰਾਮ ਨੇ ਕਿਹਾ ਕਿ ਸਰਕਾਰ ਆਪਣੇ ਇਸ ਰਵੱਈਏ ਨੂੰ ਤਿਆਗ ਕੇ ਅਧਿਆਪਕਾਂ ਨਾਲ ਸਨਮਾਨ ਨਾਲ ਪੇਸ਼ ਆਏ। ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਕੇ ਕੋਈ ਠੋਸ ਹੱਲ ਪੇਸ਼ ਕਰੇ ਤਾਂ ਕਿ ਸਕੂਲਾਂ ਵਿੱਚ ਫਿਰ ਤੋਂ ਪੜ੍ਹਾਈ ਦਾ ਮਾਹੌਲ ਬਣਾਇਆ ਜਾ ਸਕੇ ਤੇ ਅਧਿਆਪਕ ਸੜਕਾਂ ਦੀ ਥਾਂ ਕਲਾਸਾਂ ਵਿੱਚ ਵਾਪਸ ਆਉਣ।