1831 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨੇ ਸਈਅਦ ਅਹਿਮਦ ਸ਼ਾਹ ਬਰੇਵਲੀ ਨੂੰ ਮੌਤ ਦੇ ਘਾਟ ਉਤਾਰ ਦੇ ਪੇਸ਼ਾਵਰ 'ਤੇ ਕਬਜ਼ਾ ਕੀਤਾ ਸੀ। ਉਸ ਸਮੇਂ ਸ਼ਾਹ ਨੇ ਆਪਣੇ ਆਪ ਨੂੰ ਇਮਾਮ ਐਲਾਨ ਕੇ ਹਾਲਾਤ ਮੁਤਾਬਕ 'ਜਿਹਾਦ' ਸ਼ੁਰੂ ਕਰ ਦਿੱਤਾ ਸੀ। ਸ਼ਾਹ ਤੇ ਉਸ ਦੇ ਕਥਿਤ ਜਿਹਾਦੀ 1824 ਈਸਵੀ ਤੋਂ 1831 ਤਕ ਬਾਲਾਕੋਟ ਵਿੱਚ ਸਰਗਰਮ ਰਹੇ ਸਨ। ਬਾਲਾਕੋਟ 'ਚ ਪਹਾੜ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਇਹ ਇਲਾਕਾ ਦੂਰ ਸੀ।
ਇਹ ਦਾਅਵਾ ਪਾਕਿਸਤਾਨੀ ਲੇਖਕਾ ਆਇਸ਼ਾ ਜਲਾਲ ਦੀ ਕਿਤਾਬ 'ਪਾਰਟੀਜੰਸ ਆਫ ਅੱਲ੍ਹਾ..' ਵਿੱਚ ਕੀਤਾ ਗਿਆ ਹੈ। ਕਿਤਾਬ ਮੁਤਾਬਕ ਅਹਿਮਦ ਸ਼ਾਹ ਭਾਰਤੀ ਉਪ ਮਹਾਂਦੀਪ ਵਿੱਚ ਇਸਲਾਮਕ ਰਾਜ ਸਥਾਪਤ ਕਰਨਾ ਚਾਹੁੰਦਾ ਸੀ। ਇਸੇ ਉਦੇਸ਼ ਨਾਲ ਉਸ ਨੇ ਹਜ਼ਾਰਾਂ ਜਿਹਾਦੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਖ਼ਿਲਾਫ਼ ਇਕੱਠਾ ਕੀਤਾ ਸੀ।
ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੀ ਅਗਵਾਈ ਵਿੱਚ ਲੜੀ ਜੰਗ 'ਚ ਸਈਅਦ ਅਹਿਮਦ ਸ਼ਾਹ ਮਾਰਿਆ ਗਿਆ ਤੇ ਫਿਰ ਪੇਸ਼ਾਵਰ ਨੂੰ ਮਹਾਰਾਜਾ ਦੇ ਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ।