ਫ਼ਰੀਦਕੋਟ: ਅਕਤੂਬਰ 2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਹੋਈ ਪੁਲਿਸ ਦੀ ਗੋਲ਼ੀਬਾਰੀ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਨਮੁਖ ਬਹਿਬਲ ਕਲਾਂ ਗੋਲ਼ੀਕਾਂਡ 'ਚ ਨਾਮਜ਼ਦ ਦੋ ਅਹਿਮ ਪੁਲਿਸ ਅਧਿਕਾਰੀ ਪੇਸ਼ ਹੋ ਹੀ ਗਏ ਹਨ। ਮੰਗਲਵਾਰ ਨੂੰ ਤਤਕਾਲੀ ਐੱਸਪੀ ਬਿਕਰਮਜੀਤ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਸਬ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਤੋਂ ਐਸਆਈਟੀ ਨੇ ਪੁੱਛਗਿੱਛ ਕੀਤੀ। ਹਾਲਾਂਕਿ, ਦੋਵਾਂ ਅਧਿਕਾਰੀਆਂ ਨੂੰ ਜਾਂਚ ਟੀਮ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਪਰ ਪੇਸ਼ਗੀ ਜ਼ਮਾਨਤ ਅੜਿੱਕਾ ਬਣ ਗਈ।
ਦੋਵਾਂ ਅਧਿਕਾਰੀਆਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 21 ਮਈ ਤਕ ਪੇਸ਼ਗੀ ਜ਼ਮਾਨਤ ਦਿੱਤੀ ਹੋਈ ਹੈ। ਇਸ ਕਰਕੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਤੋਂ ਬਾਅਦ ਦੋਵੇਂ ਪੁਲਿਸ ਅਧਿਕਾਰੀ ਵਾਪਸ ਚਲੇ ਗਏ। ਜਾਂਚ ਟੀਮ ਦਾ ਦਾਅਵਾ ਹੈ ਕਿ ਐੱਸਪੀ ਬਿਕਰਮਜੀਤ ਸਿੰਘ ਖਿਲਾਫ਼ ਪੁਖ਼ਤਾ ਸਬੂਤ ਤੇ ਗਵਾਹ ਇਕੱਤਰ ਕਰ ਲਏ ਹਨ ਅਤੇ ਅਗਲੇ ਦਿਨਾਂ ਵਿੱਚ ਬਿਕਰਮਜੀਤ ਸਿੰਘ ਦੀ ਜ਼ਮਾਨਤ ਰੱਦ ਕਰਵਾਉਣ ਲਈ ਜਾਂਚ ਟੀਮ ਹਾਈ ਕੋਰਟ ਵਿੱਚ ਪਹੁੰਚ ਕੀਤੀ ਜਾਵੇਗੀ।
ਸੂਤਰਾਂ ਮੁਤਾਬਕ ਪੁਲਿਸ ਨੇ ਦੋ ਸਿੱਖ ਨੌਜਵਾਨਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਖ਼ੁਦ ਨੂੰ ਬਚਾਉਣ ਲਈ ਪੁਲਿਸ ਦੀ ਜਿਪਸੀ ’ਤੇ ਗੋਲ਼ੀਆਂ ਮਾਰੀਆਂ ਗਈਆਂ। ਪੁਲਿਸ ਨੇ ਪਿੰਡ ਬੁਰਜ ਮਸਤਾ ਦੇ ਉਸ ਨੌਜਵਾਨ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ ਜਿਸ ਦੀ ਰਾਈਫਲ ਇਸ ਕੰਮ ਲਈ ਵਰਤੀ ਗਈ ਸੀ। ਜਾਂਚ ਟੀਮ ਨੂੰ ਬਿਕਰਮਜੀਤ ਸਿੰਘ ਖ਼ਿਲਾਫ਼ ਦੋ ਗਵਾਹ ਮਿਲੇ ਹਨ ਅਤੇ ਜਾਂਚ ਟੀਮ ਨੇ ਇਨ੍ਹਾਂ ਗਵਾਹਾਂ ਦੇ ਬਿਆਨ ਕਲਮਬੱਧ ਕਰ ਲਏ ਹਨ।
ਵਿਵਾਦਾਂ ’ਚ ਘਿਰੇ ਫ਼ਰੀਦਕੋਟ ਦੇ ਸਥਾਨਕ ਵਕੀਲ ਨੂੰ ਵੀ ਐਸਆਈਟੀ ਨੇ ਮੁਲਜ਼ਮ ਬਣਾਉਣ ਦੀ ਥਾਂ ਪੁਲਿਸ ਖ਼ਿਲਾਫ਼ ਗਵਾਹ ਬਣਾ ਲਿਆ ਹੈ। ਇਹ ਵਕੀਲ ਕਾਂਗਰਸ ਤੇ ਅਕਾਲੀ ਆਗੂਆਂ ਦਾ ਕਾਫ਼ੀ ਕਰੀਬੀ ਸੀ। ਵਿਸ਼ੇਸ਼ ਜਾਂਚ ਟੀਮ ਕੋਲ ਪੜਤਾਲ ਲਈ ਮਹਿਜ਼ 30 ਦਿਨ ਦਾ ਸਮਾਂ ਬਚਿਆ ਹੈ ਅਤੇ ਇਸ ਸਮੇਂ ਦੌਰਾਨ ਅਦਾਲਤ ਵਿੱਚ ਦੋਸ਼ ਪੱਤਰ ਪੇਸ਼ ਕਰਨੇ ਲਾਜ਼ਮੀ ਹਨ।