ਚੰਡੀਗੜ੍ਹ: ਪਾਕਿਸਤਾਨੀ ਜੰਗੀ ਜਹਾਜ਼ ਵੱਲੋਂ ਭਾਰਤੀ ਹੱਦ ਅੰਦਰ ਵੜ੍ਹ ਕੇ ਬੰਬ ਸੁੱਟਣ ਮਗਰੋਂ ਤਣਾਅ ਵਧ ਗਿਆ ਹੈ। ਭਾਰਤ ਸਰਕਾਰ ਨੇ ਸਰਹੱਦੀ ਇਲਾਕਿਆਂ ਤੇ ਹਵਾਈ ਅੱਡਿਆਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਤੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਨਾਗਰਿਕ ਉਡਾਣਾਂ 'ਤੇ ਰੋਕ ਲਾ ਦਿੱਤੀ ਗਈ ਹੈ।


ਉੱਧਰ, ਤਾਜ਼ਾ ਹਾਲਾਤ 'ਤੇ ਚਰਚਾ ਲਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਆਈਬੀ ਤੇ ਰਾਅ ਦੇ ਮੁਖੀ ਵੀ ਸ਼ਾਮਲ ਹੋਏ। ਰਾਜਨਾਥ ਨਾਲ ਅਰਧ ਸੈਨਿਕ ਬਲਾਂ ਦੇ ਮੁਖੀਆਂ ਨੇ ਵੀ ਮੀਟਿੰਗ ਕੀਤੀ। ਮੀਟਿੰਗ ਮਗਰੋਂ ਜੰਮੂ-ਕਸ਼ਮੀਰ ਵੱਲ ਸ਼ਹਿਰੀ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ। ਜਹਾਜ਼ਾਂ ਨੂੰ ਤੁਰੰਤ ਵਾਪਸ ਬੁਲਾ ਲਿਆ ਗਿਆ ਹੈ।

ਸਰਹੱਦਾਂ ਉੱਪਰ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਹੱਦੀ ਇਲਾਕਿਆਂ ਦੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਲੋਕਾਂ ਵਿੱਚ ਜੰਗ ਦੀਆਂ ਖਬਰਾਂ ਕਰਕੇ ਸਹਿਮ ਹੈ। ਜੰਮੂ-ਕਸ਼ਮੀਰ ਸਰਹੱਦ 'ਤੇ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਹੈ।

ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਲੰਘ ਦਹਿਸ਼ਤੀ ਟਿਕਾਣੇ ਤਬਾਹ ਕਰਨ ਮਗਰੋਂ ਅੱਜ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਹੋਏ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਾਕਿਸਤਾਨੀ ਜਹਾਜ਼ਾਂ ਨੇ ਬੰਬ ਵੀ ਸੁੱਟੇ। ਪਾਕਿਸਤਾਨੀ ਫੌਜ ਨੇ ਦਾਅਵਾ ਹੈ ਕੇ ਹਮਲੇ ਵਿੱਚ ਭਾਰਤੀ ਫੌਜ ਦੇ ਦੋ ਜਹਾਜ਼ ਡੇਗ ਦਿੱਤੇ ਹਨ ਪਰ ਭਾਰਤ ਇਸ ਨੂੰ ਤਕਨੀਕੀ ਕਾਰਨਾਂ ਕਰਕੇ ਹੋਇਆ ਹਾਦਸਾ ਦੱਸ ਰਿਹਾ ਹੈ।