ਮਜੀਠੀਆ ਨੇ ਕੀਤਾ ਕੈਪਟਨ ਦੇ ਵਾਅਦਿਆਂ ਦਾ ਲੇਖਾ-ਜੋਖਾ, ਖੂਬ ਲਾਏ ਰਗੜੇ
ਏਬੀਪੀ ਸਾਂਝਾ | 06 Mar 2019 05:37 PM (IST)
ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿੱਚ ‘ਨਵਾਂ ਜੋਸ਼, ਨਵੀਂ ਸੋਚ’ ਰੈਲੀ ਕਰਵਾਈ ਗਈ। ਇਸ ਮੌਕੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਜੰਮ ਕੇ ਕਾਂਗਰਸ ਸਰਕਾਰ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਨੌਕਰੀ ਦੇਣ ਦੇ ਨਾਂ ’ਤੇ ਕੋਝਾ ਮਜ਼ਾਕ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਕਰਜ਼ਾ ਮੁਆਫੀ ਮੁਹਿੰਮ ਤਹਿਤ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਿਸ ਕਰਕੇ ਹੁਣ ਵੀ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਇੱਥੋਂ ਤਕ ਕਿ ਪਾਰਟੀ ਨੇ ਜਿਸ ਕਿਸਾਨ ਬੁੱਧ ਸਿੰਘ ਨਾਲ ਪੋਸਟਰ ਲਈ ਤਸਵੀਰ ਖਿਚਵਾਈ ਸੀ, ਸਰਕਾਰ ਉਸ ਕਿਸਾਨ ਦਾ ਵੀ ਕਰਜ਼ ਮੁਆਫ ਨਹੀਂ ਕਰ ਸਕੀ। ਇਸ ਦੌਰਾਨ ਪਟਿਆਲਾ ਵਿੱਚ ਨਰਸਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ’ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸਰਕਾਰ ਨਰਸਾਂ ਨੂੰ ਪੱਕੇ ਕਰਨ ਦੀ ਥਾਂ ਉਨ੍ਹਾਂ ਨੂੰ ਦਬਕੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੌਰਾਨ ਅਧਿਆਪਕਾਂ ਨੂੰ 45 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਸੀ। ਹੁਣ ਅਧਿਆਪਕਾਂ ਨੂੰ ਮਹਿਜ਼ 10 ਹਜ਼ਾਰ ਰੁਪਏ ਨਾਲ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕੈਪਟਨ ਦੇ ਵਜ਼ੀਰਾਂ ਦੀਆਂ ਤਨਖਾਹਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ। ਅਧਿਆਪਕਾਂ ਦੀ ਤਨਖਾਹ ਵਿੱਚ ਕਟੌਤੀ ਕੀਤੀ ਗਈ ਹੈ ਪਰ ਬਿਜਲੀ ਦੇ ਰੇਟ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਵਰਗ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਨ੍ਹਾਂ ਇੰਨੇ ਕੰਮ ਕੀਤੇ ਹਨ ਤਾਂ ਫਿਰੋਜ਼ਪੁਰ ਤੋਂ ਚੋਣ ਲੜ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ਦੇ ਬਿਆਨ ਦੀ ਵੀ ਸਖ਼ਤ ਨਿਖੇਧੀ ਕੀਤੀ।