ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਸੂਬੇ ਦੀ ਕਾਂਗਰਸ ਸਰਕਾਰ ਉੱਪਰ ਮਾਹੌਲ ਖਰਾਬ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਅੱਤਵਾਦੀ ਸਰਗਰਮੀਆਂ ਵਿੱਚ ਫੜੇ ਗਏ ਮੁਲਜਮਾਂ ਦੀ ਕਾਂਗਰਸੀ ਨੇਤਾਵਾਂ ਨਾਲ ਨੇੜਤਾ ਦੱਸੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੱਥਾਂ ਨੂੰ ਜਾਣਬੁੱਝ ਕੇ ਲੁਕਾ ਕੇ ਰੱਖਿਆ ਗਿਆ ਹੈ।

ਅੱਜ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਮਜੀਠੀਆ ਦੇ ਨਿਸ਼ਾਨੇ 'ਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ, ਮੁੱਖ ਮੰਤਰੀ ਦੇ ਹਾਲ ਹੀ ਵਿੱਚ ਸਲਾਹਕਾਰ ਬਣਾਏ ਗਏ ਸੰਗਤ ਸਿੰਘ ਗਿਲਜੀਆਂ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਰਹੇ। ਉਨ੍ਹਾਂ ਨੇ ਕਾਂਗਰਸੀ ਲੀਡਰਾਂ ਉੱਪਰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਵਿੱਚ ਲੱਗੇ ਮੁਲਾਜ਼ਮਾਂ ਦਾ ਸਾਥ ਦੇਣ ਦੇ ਇਲਜ਼ਾਮ ਲਾਏ।

ਮਜੀਠੀਆ ਨੇ ਸਭ ਤੋਂ ਪਹਿਲਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਤਰਨ ਤਾਰਨ ਵਿੱਚ ਪਿਛਲੇ ਦਿਨੀਂ ਹੋਏ ਬੰਬ ਬਲਾਸਟ ਵਿੱਚ ਨਾਮਜ਼ਦ ਗੁਰਜੰਟ ਸਿੰਘ, ਜੋ ਖੁਦ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ ਤੇ ਕੇਸ ਵਿੱਚ ਨਾਮਜ਼ਦ ਹੈ, ਨੂੰ ਔਜਲਾ ਵੱਲੋਂ ਉਸ ਦਾ ਨਜ਼ਦੀਕੀ ਹੋਣ ਕਰਕੇ ਬਚਾਇਆ ਜਾ ਰਿਹਾ ਹੈ। ਗੁਰਜੰਟ ਸਿੰਘ ਬਾਰੇ ਮਜੀਠੀਆ ਨੇ ਕਿਹਾ ਕਿ ਸਰਪੰਚੀ ਦੀ ਚੋਣ ਵੇਲੇ ਵੀ ਗੁਰਜੰਟ ਸਿੰਘ ਵੱਲੋਂ ਬੰਬ ਵਰਤੇ ਗਏ ਸਨ ਪਰ ਉਸ ਵੇਲੇ ਪੁਲਿਸ ਨੇ ਉਸ ਖਿਲਾਫ ਵਿਸਫੋਟਕ ਸਮੱਗਰੀ ਐਕਟ ਤਹਿਤ ਮੁਕੱਦਮਾ ਦਰਜ ਨਹੀਂ ਕੀਤਾ। ਜੇਕਰ ਉਸ ਵੇਲੇ ਪੁਲਿਸ ਕਾਰਵਾਈ ਕਰਦੀ ਤਾਂ ਅੱਜ ਜੋ ਲੋਕ ਤਰਨ ਤਾਰਨ ਧਮਾਕੇ ਵਿੱਚ ਮਾਰੇ ਗਏ, ਉਨ੍ਹਾਂ ਦੀ ਜਾਨ ਬਚ ਜਾਣੀ ਸੀ।

ਮਜੀਠੀਆ ਨੇ ਪੁਲਿਸ ਵੱਲੋਂ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤੇ ਹਰਭਜਨ ਸਿੰਘ ਦੇ ਵੀ ਮੁੱਖ ਮੰਤਰੀ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਨਾਲ ਸਬੰਧ ਜੋੜੇ। ਉਨ੍ਹਾਂ ਨੇ ਮੀਡੀਆ ਨੂੰ ਤਸਵੀਰਾਂ ਰਾਹੀਂ ਸਬੂਤ ਜਾਰੀ ਕੀਤੇ ਤੇ ਕਿਹਾ ਕਿ ਗਿਲਜੀਆਂ ਦਾ ਨਜ਼ਦੀਕੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਲਸ਼ਨ ਭਗਤ ਹਰਭਜਨ ਸਿੰਘ ਨਾਲ ਘਿਓ ਖਿਚੜੀ ਹੈ।

ਮਜੀਠੀਆ ਦੀ ਹਾਜ਼ਰੀ ਵਿੱਚ ਅਕਾਲੀ ਨੇਤਾ ਰਵੀਕਰਨ ਕਾਹਲੋਂ ਨੇ ਦੋਸ਼ ਲਾਇਆ ਕਿ ਜਿਸ ਨਰਿੰਦਰ ਬਾਜਵਾ ਨੂੰ ਸੁਖਜਿੰਦਰ ਰੰਧਾਵਾ ਨੇ ਆਪਣੇ ਹਲਕੇ ਵਿੱਚ ਬਲਾਕ ਸੰਮਤੀ ਦਾ ਚੇਅਰਮੈਨ ਬਣਾਇਆ, ਉਹ ਨਰੈਣ ਸਿੰਘ ਚੌੜਾ, ਜੋ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ, ਦਾ ਸਕਾ ਭਰਾ ਹੈ। ਇਸ ਤੋਂ ਇਲਾਵਾ ਤ੍ਰਿਪਤ ਬਾਜਵਾ ਉੱਪਰ ਬਲਵਿੰਦਰ ਸਿੰਘ ਕੋਟਲਾ ਦੀ ਮਦਦ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬਲਵਿੰਦਰ ਸਿੰਘ ਦਾ ਭਰਾ ਅਵਤਾਰ ਸਿੰਘ ਤਾਰੀ ਟਵੰਟੀ ਟਵੰਟੀ ਰੈਫਰੈਂਡਮ ਦਾ ਸਮਰਥਕ ਹੈ।

ਬਿਕਰਮ ਨੇ ਸੋਨੀਆ ਗਾਂਧੀ ਤੋਂ ਸਵਾਲ ਕੀਤਾ ਕਿ ਕੀ ਸੋਨੀਆ ਗਾਂਧੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਦਾ ਸਾਥ ਦੇਣ ਵਾਲੇ ਇਨ੍ਹਾਂ ਕਾਂਗਰਸੀ ਆਗੂਆਂ ਕੋਲੋਂ ਜਵਾਬਤਲਬੀ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਇਸ ਗੱਲ ਦਾ ਜਵਾਬ ਦੇਣ ਕਿ ਉਨ੍ਹਾਂ ਨੇ ਤੇ ਉਨ੍ਹਾਂ ਦੀ ਪੁਲਿਸ ਨੇ ਜੋ ਇਹ ਤੱਥ ਹਨ, ਉਨ੍ਹਾਂ ਨੂੰ ਮੀਡੀਆ ਤੇ ਪੁਲਿਸ ਤੋਂ ਕਿਉਂ ਲੁਕਾਇਆ ਗਿਆ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਨਆਈਏ ਨੂੰ ਵੀ ਜਾਂਚ ਸਿੱਧੇ ਤੌਰ 'ਤੇ ਨਹੀਂ ਸਗੋਂ ਦਬਾਅ ਦੇ ਵਿੱਚ ਆ ਕੇ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਲਈ ਤੇ ਅਮਨ ਸ਼ਾਂਤੀ ਦੀ ਤੇ ਭਾਈਚਾਰਕ ਸਾਂਝ ਲਈ ਜ਼ਰੂਰਤ ਪਈ ਤਾਂ ਉਹ ਅਮਿਤ ਸ਼ਾਹ ਦੇ ਕੋਲ ਵੀ ਜਾਣਗੇ।