ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਲੋਕ ਸਭਾ ਚੋਣ ਨਹੀਂ ਲੜ ਸਕਣਗੇ ਕਿਉਂਕਿ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਇੱਥੋਂ ਰੱਦ ਹੋ ਜਾਣਗੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਖਹਿਰਾ ਧੜ੍ਹੇ ਦੇ ਵਿਧਾਇਕਾਂ 'ਤੇ ਕਾਂਗਰਸ ਦਾ ਸਾਥ ਦੇਣ ਲਈ ਰਣਨੀਤੀ ਤਹਿਤ ਲੋਕ ਸਭਾ ਚੋਣਾਂ ਲੜਨ ਦੇ ਦੋਸ਼ ਲਾਏ।

ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਨੂੰਨ ਮੁਤਾਬਕ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਜਿੰਨ ਚਿਰ ਉਹ ਵਿਧਾਨ ਸਭਾ ਨਹੀਂ ਛੱਡਦੇ, ਅਗਲੀ ਚੋਣ ਨਹੀਂ ਲੜ ਸਕਦੇ। ਮਜੀਠੀਆ ਨੇ ਕਿਹਾ ਕਿ ਬੇਸ਼ੱਕ ਖਹਿਰਾ ਨੇ ਅਸਤੀਫ਼ਾ ਦੇ ਦਿੱਤਾ ਹੈ ਪਰ ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਿਵੇਂ ਪਿਛਲੇ ਦਿਨੀਂ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਦਿੱਤਾ ਅਸਤੀਫ਼ਾ ਦਿਖਾਉਂਦਿਆਂ ਇਸ ਨੂੰ ਸਹੀ ਫਾਰਮੈਟ ਦੱਸਿਆ ਤੇ ਖਹਿਰਾ ਦਾ ਅਸਤੀਫ਼ਾ ਵੀ ਪੇਸ਼ ਕੀਤਾ ਜੋ ਕਾਫੀ ਲੰਮਾ ਸੀ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਨੇ ਜਿਵੇਂ ਐਚ.ਐਸ. ਫੂਲਕਾ ਦਾ ਅਸਤੀਫ਼ਾ ਇਸੇ ਤਰ੍ਹਾਂ ਸਹੀ ਫਾਰਮੈਟ 'ਚ ਨਾ ਹੋਣ ਕਰਕੇ ਨਹੀਂ ਸੀ ਮਨਜ਼ੂਰ ਹੋਇਆ, ਉਵੇਂ ਖਹਿਰਾ ਦਾ ਵੀ ਨਹੀਂ ਹੋਵੇਗਾ। ਅਕਾਲੀ ਆਗੂ ਨੇ ਕਿਹਾ ਕਿ ਅਸਤੀਫ਼ਾ ਪ੍ਰਵਾਨ ਨਾ ਹੋਣ ਦੀ ਸੂਰਤ ਵਿੱਚ ਖਹਿਰਾ ਦੀ ਉਮੀਦਵਾਰੀ ਖਾਰਜ ਹੋ ਜਾਵੇਗੀ।

ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਅਕਾਲੀ ਦਲ ਦੀ ਵੋਟ ਵੰਡਣ ਲਈ ਬਠਿੰਡਾ ਆਏ ਸਨ। ਉਨ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਸਵਾਲ ਕੀਤਾ ਕਿ ਉਹ ਕਾਂਗਰਸ ਨਾਲ ਆਪਣੀ ਸੌਦੇਬਾਜ਼ੀ ਦੇ ਵੇਰਵੇ ਜਨਤਕ ਕਰਨ। ਮਜੀਠੀਆ ਨੇ ਕਿਹਾ ਕਿ ਖਹਿਰਾ ਨੇ ਨਜ਼ਦੀਕੀ ਤੇ ਤਾਜ਼ਾ ਤਾਜ਼ਾ ਕਾਂਗਰਸੀ ਬਣੇ ਨਾਜਰ ਸਿੰਘ ਮਾਨਸ਼ਾਹੀਆ ਅਤੇ ਮੌੜ ਤੋਂ 'ਆਪ' ਵਿਧਾਇਕ ਜਗਦੇਵ ਕਮਾਲੂ ਦੀ ਮਦਦ ਨਾਲ ਵੋਟ ਵੰਡ ਕੇ ਬਠਿੰਡਾ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਪੱਖ ਪੂਰਨਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਖਹਿਰਾ ਵਾਂਗ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਨਾਮਜ਼ਦਗੀ ਵੀ ਰੱਦ ਹੋ ਸਕਦੀ ਹੈ।

ਹਾਲਾਂਕਿ, ਸੁਖਪਾਲ ਖਹਿਰਾ ਨੇ ਮਜੀਠੀਆ ਦੇ ਦੋਸ਼ਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਉਹ ਸਿਰਫ ਲੋਕਾਂ ਦੇ ਏਜੰਟ ਹਨ। ਉਨ੍ਹਾਂ ਕਿਹਾ ਕਿ ਉਹ ਆਪਣਾ ਅਸਤੀਫ਼ਾ ਭੇਜ ਚੁੱਕੇ ਹਨ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਦਾ ਅਸਤੀਫ਼ਾ ਜਲਦ ਮਨਜ਼ੂਰ ਕੀਤਾ ਜਾਵੇ।