ਚੰਡੀਗੜ੍ਹ: ਦਿੱਗਜ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਸੋਮਵਾਰ ਨੂੰ ਆਪਣੇ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ ਨਾਲ ਰਲ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚਣਗੇ। ਪਹਿਲਾਂ ਖ਼ਬਰਾਂ ਸਨ ਕਿ ਸੰਨੀ ਦਿਓਲ ਇਕੱਲੇ ਨਾਮਜ਼ਦਗੀ ਦਾਖ਼ਲ ਕਰਨਗੇ ਪਰ ਹੁਣ ਪ੍ਰੋਗਰਾਮ ਬਦਲ ਗਿਆ ਹੈ ਤੇ ਦਿਓਲਜ਼ ਗੁਰਦਾਸਪੁਰ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਸੰਨੀ ਦਿਓਲ ਲਈ ਪ੍ਰਚਾਰ ਕਰਨਗੇ।
ਆਉਂਦੀ 29 ਅਪਰੈਲ ਨੂੰ ਸੰਨੀ ਦਿਓਲ ਪਹਿਲਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਫਿਰ ਗੁਰਦਾਸਪੁਰ ਲਈ ਕਾਫਲੇ ਦੇ ਰੂਪ ਵਿੱਚ ਜਾਣਗੇ। ਗੁਰਦਾਸਪੁਰ ਜਾ ਕੇ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ ਫਿਰ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਸੰਨੀ ਦਿਓਲ ਨਾਲ ਭਾਜਪਾ ਦੇ ਸਿਆਸੀ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵੀ ਮੌਜੂਦ ਰਹਿਣਗੇ।
ਕਈ ਫ਼ਿਲਮੀ ਹਸਤੀਆਂ ਵੀ ਸੰਨੀ ਦੇ ਚੋਣ ਪ੍ਰਚਾਰ ਦਾ ਹਿੱਸਾ ਰਹਿਣਗੀਆਂ ਅਤੇ ਸਮੇਂ-ਸਮੇਂ ਆ ਕੇ ਸੰਨੀ ਦਿਓਲ ਲਈ ਪ੍ਰਚਾਰ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਖੇਤਰਾਂ ਵਿੱਚੋਂ ਹਰੇਕ 'ਚ ਤਕਰੀਬਨ ਡੇਢ ਦਿਨ ਗੁਜ਼ਾਰਨਗੇ। ਇਸ ਦੌਰਾਨ ਉਹ ਲਗਪਗ 10 ਮੁੱਖ ਸਮਾਗਮ ਤੇ ਕੁਝ ਹੋਰ ਪ੍ਰੋਗਰਾਮ ਵੀ ਕਰਨਗੇ।