ਪਟਿਆਲਾ: ਸਥਾਨਕ ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦਾ ਗੇਟ ਬੰਦ ਕਰਕੇ ਬਾਹਰੋਂ ਤਾਲਾ ਲਾ ਕੇ ਧਰਨਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਪ੍ਰਬੰਧਕ ਵਿਦਿਆਰਥੀਆਂ ਕੋਲੋਂ ਐਮਐਸਟੀ ਦੇ ਨਾਂ 'ਤੇ 2500, ਲੈਕਚਰ ਛੋਟ ਦੇ ਨਾਂਅ 'ਤੇ 2000 ਤੇ 160 ਰੁਪਏ ਬੇਵਜ੍ਹਾ ਹੀ ਵਸੂਲ ਕਰ ਰਿਹਾ ਹੈ। ਇਸ ਤੋਂ ਨਾਰਾਜ਼ ਹੋ ਕੇ ਵਿਦਿਆਰਥੀਆਂ ਨੇ ਧਰਨਾ ਸ਼ੁਰੂ ਕਰ ਦਿੱਤਾ।


ਵਿਦਿਆਰਥੀਆਂ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਦੀ ਪੰਜ ਮੈਂਬਰੀ ਟੀਮ ਨੇ ਕਾਲਜ ਪ੍ਰਬੰਧਕਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਉਕਤ ਰਕਮ ਮੁਆਫ਼ ਕਰ ਦਿੱਤੀ ਜਾਏਗੀ। ਪਰ ਅੱਜ ਕਾਲਜ ਨੂੰ ਅੰਦਰੋਂ ਤਾਲਾ ਲਾ ਲਿਆ ਗਿਆ ਤੇ ਵਿਦਿਆਰਥੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਨਾਲ ਹੀ ਧਮਕੀ ਦਿੱਤੀ ਗਈ ਕਿ ਜੋ ਵਿਦਿਆਰਥੀ ਆਵਾਜ਼ ਉਠਾਏਗਾ, ਜਾਂ ਤਾਂ ਉਸ ਦਾ ਨਾਂ ਕੱਟ ਦਿੱਤਾ ਜਾਏਗਾ ਤੇ ਜਾਂ ਉਸ ਨੂੰ ਰੋਲ ਨੰਬਰ ਨਹੀਂ ਦਿੱਤਾ ਜਾਏਗਾ। ਇੱਥੋਂ ਤਕ ਕਿ ਪ੍ਰਬੰਧਕ ਉਕਤ ਫੀਸ ਮੁਆਫ਼ੀ ਦੀ ਗੱਲ ਤੋਂ ਵੀ ਮੁਕਰ ਗਏ ਹਨ।

ਹੁਣ ਵਿਦਿਆਰਥੀਆਂ ਨੇ ਕਾਲਜ ਨੂੰ ਬਾਹਰੋਂ ਤਾਲਾ ਲਾ ਲਿਆ ਤੇ ਕਾਲਜ ਦੇ ਬਾਹਰ ਧਰਨਾ ਦਿੱਤਾ। ਵਿਦਿਆਰਥੀਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਦੋਵਾਂ ਧਿਰਾਂ ਵਿੱਚ ਕਾਫੀ ਬਹਿਸ ਹੋਈ।