ਮਜੀਠੀਆ ਨੇ ਭੱਠਲ 'ਤੇ ਕੇਸ ਦਰਜ ਕਰਨ ਦੀ ਕੀਤੀ ਮੰਗ
ਏਬੀਪੀ ਸਾਂਝਾ | 05 May 2019 08:15 PM (IST)
ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਭੱਠਲ ਤੋਂ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਇਨਸਾਫ ਵੀ ਦਿਵਾਏਗਾ ਤੇ ਉਸ ਦਾ ਸਨਮਾਨ ਵੀ ਕਰੇਗਾ।
ਮਾਨਸਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਨੇਤਾ ਰਜਿੰਦਰ ਕੌਰ ਭੱਠਲ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਅੱਜ ਰਜਿੰਦਰ ਕੌਰ ਭੱਠਲ ਨੇ ਆਪਣੇ ਚੋਣ ਜਲਸੇ ਵਿੱਚ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਥੱਪੜ ਮਾਰਿਆ ਸੀ, ਜਿਸ ਮਗਰੋਂ ਮਜੀਠੀਆ ਨੇ ਭੱਠਲ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਬਿਕਰਮ ਮਜੀਠੀਆ ਆਪਣੀ ਕੇਂਦਰੀ ਮੰਤਰੀ ਭੈਣ ਤੇ ਬਠਿੰਡਾ ਤੋਂ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰ ਰਹੇ ਸਨ। ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਭੱਠਲ ਤੋਂ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਇਨਸਾਫ ਵੀ ਦਿਵਾਏਗਾ ਤੇ ਉਸ ਦਾ ਸਨਮਾਨ ਵੀ ਕਰੇਗਾ। ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਸਾਬ ਨੇ ਸਾਰਾ ਕੁਝ ਦੇਖਿਆ ਹੈ, ਚੁਰਾਸੀ ਕਤਲੇਆਮ ਤੋਂ ਲੈ ਕੇ ਕਰਤਾਰਪੁਰ ਲਾਂਘੇ ਤਕ। ਇਸ ਲਈ ਉਨ੍ਹਾਂ ਅਕਾਲੀ-ਭਾਜਪਾ ਦਾ ਸਮਰਥਨ ਕਰਨ ਦਾ ਹੋਕਾ ਦਿੱਤਾ ਹੈ। ਆਪਣੇ ਚੋਣ ਜਲਸਿਆਂ ਵਿੱਚ ਮਜੀਠੀਆ ਨੇ ਕਾਂਗਰਸ 'ਤੇ ਜੰਮ ਕੇ ਭੜਾਸ ਵੀ ਕੱਢੀ।