ਅੰਮ੍ਰਿਤਸਰ: ਬੀਤੇ ਕੱਲ੍ਹ ਕਾਂਗਰਸ ਵੱਲੋਂ ਬਠਿੰਡਾ ਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਐਲਾਨੇ ਜਾਣ ਮਗਰੋਂ ਅਕਾਲੀ ਦਲ ਤੋਂ ਇਹੋ ਸਵਾਲ ਪੁੱਛੇ ਜਾਣੇ ਸੁਭਾਵਕ ਹਨ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਉਮੀਦਵਾਰਾਂ ਬਾਰੇ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਬਠਿੰਡਾ ਤੇ ਫ਼ਿਰੋਜ਼ਪੁਰ ਤੋਂ ਕਿਸ ਨੇ ਚੋਣ ਲੜਨੀ ਹੈ।

ਮਜੀਠੀਆ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਟਿਕਟ ਦੇ ਕੇ ਕਾਂਗਰਸ ਨੇ ਇਹੋ ਸਾਬਤ ਕੀਤਾ ਹੈ ਕਿ ਉਨ੍ਹਾਂ ਕੋਲ ਬਠਿੰਡਾ ਤੋਂ ਕੋਈ ਉਮੀਦਵਾਰ ਹੈ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਬਠਿੰਡਾ ਤੋਂ ਐਲਾਨ ਅਸਲ ਵਿੱਚ ਬਠਿੰਡਾ ਵਾਸੀਆਂ ਦੀ ਜਿੱਤ ਹੈ, ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਹੈ। ਮਜੀਠੀਆ ਨੇ ਕਿਹਾ ਕਿ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਭਲਾ ਕੀਤਾ ਤੇ ਨਾ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਦੋਵੇਂ ਹੀ ਅਮਰਿੰਦਰਾਂ ਨੂੰ ਪੰਜਾਬ ਦੀਆਂ ਮੁਸ਼ਕਲਾਂ ਨਹੀਂ ਸੁਣਦੀਆਂ।

ਭਗਵੰਤ ਮਾਨ ਵੱਲੋਂ ਅਕਾਲੀ ਦਲ ਨੂੰ ਦਸ ਉਮੀਦਵਾਰ ਨਾ ਮਿਲਣ ਬਾਰੇ ਦਿੱਤੇ ਬਿਆਨਾਂ 'ਤੇ ਮਜੀਠੀਆ ਨੇ ਕਿਹਾ ਕਿ ਮਾਨ ਆਪਣੀ ਪਾਰਟੀ ਦੀ ਗੱਲ ਕਰ ਰਿਹਾ ਹੈ ਜਿਸ ਦਾ ਝਾੜੂ ਤੀਲਾ-ਤੀਲਾ ਹੋ ਕੇ ਖਿੱਲਰ ਚੁੱਕਾ ਹੈ। ਸੁਖਪਾਲ ਸਿੰਘ ਖਹਿਰਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਦੇ ਸਹਾਰੇ ਚੱਲ ਰਹੀ ਹੈ।

ਨਵਜੋਤ ਸਿੰਘ ਸਿੱਧੂ ਖ਼ਿਲਾਫ ਹੋਏ ਐਫਆਈਆਰ 'ਤੇ ਮਜੀਠੀਆ ਨੇ ਕਿਹਾ ਕਿ ਉਹ ਉਸ ਦਾ ਸਪੋਕਸਪਰਸਨ ਨਹੀਂ ਪਰ ਉਸ ਨੂੰ ਬੋਲਣ ਦਾ ਬਿਲਕੁਲ ਪਤਾ ਨਹੀਂ। ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਤਿੱਖੀ ਬਿਆਨਬਾਜ਼ੀ ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਰਿਵਾਰ ਨੇ ਕਈ ਪਾਰਟੀਆਂ ਬਦਲ ਲਈਆਂ ਹਨ।