ਚੰਡੀਗੜ੍ਹਃ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਖ਼ਦਸ਼ਾ ਜਤਾਇਆ ਹੈ ਕਿ ਕੋਵਿਡ ਕਰਕੇ ਕੈਪਟਨ ਸਰਕਾਰ ਨੇ ਰਾਤ ਵੇਲੇ ਦਾ ਕਰਫਿਊ ਤਾਂ ਲਾਇਆ ਹੀ ਹੈ ਪਰ ਹੁਣ ਦਿਨ ਵੇਲੇ ਦਾ ਕਰਫਿਊ ਵੀ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੋਂ ਬਜਟ ਸੈਸ਼ਨ ਵਿੱਚ ਜ਼ਿਆਦਾ ਸਵਾਲ-ਜਵਾਬ ਕੀਤੇ ਗਏ ਤਾਂ ਇਹ ਵੀ ਸੰਭਵ ਹੈ।
ਮਜੀਠੀਆ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚੋਂ ਬਰਖ਼ਾਸਤ ਕਰਨ ਦੇ ਵਿਰੋਧ ਵਿੱਚ ਬੋਲ ਰਹੇ ਸਨ। ਪ੍ਰੈਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ। ਮਜੀਠੀਆ ਨੇ ਕਿਹਾ ਕਿ ਸੂਬੇ ਵਿੱਚ ਲੋਕਤੰਤਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਜੇਲ੍ਹਾਂ ਵਿੱਚ ਕਿਸਾਨਾਂ ਦੀ ਮਦਦ ‘ਤੇ ਕੋਈ ਖ਼ਰਚਾ ਨਹੀਂ ਕੀਤਾ ਪਰ ਅੰਸਾਰੀ ਕੇਸ ਉੱਪਰ ਲੱਖਾਂ ਦਾ ਖ਼ਰਚਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਹਾਲਾਤ ਖ਼ਰਾਬ ਹੋਣ ‘ਤੇ ਕੇਂਦਰੀ ਟੀਮ ਪੰਜਾਬ ਆਈ ਤਾਂ ਕੁਝ ਥਾਂਵਾਂ ‘ਤੇ ਰਾਤ ਨੂੰ ਕਰਫਿਊ ਲਾ ਦਿੱਤਾ। ਸਾਬਕਾ ਮੰਤਰੀ ਨੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਭਲਕੇ ਬਜਟ ਇਜਲਾਸ ਵਿੱਚ ਸਵਾਲ ਜਵਾਬ ਜ਼ਿਆਦਾ ਹੋ ਗਏ ਤਾਂ ਸਰਕਾਰ ਨੇ ਦਿਨ ਦਾ ਕਰਫਿਊ ਵੀ ਲਾ ਦੇਣਾ।
ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨ ਕਰਜ਼ਾ ਮੁਆਫ਼ੀ ਦਾ ਅਸਲੀ ਸੱਚ, ਵਧੇ ਹੋਏ ਬਿਜਲੀ ਦੇ ਰੇਟ ਅਤੇ ਕੋਵਿਡ ਰੋਕਥਾਮ ਕਰਨ ਵਿੱਚ ਨਾਕਾਮ ਹੋਈ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨਾ ਸੀ, ਪਰ ਸਾਨੂੰ ਇਜਲਾਸ ਤੋਂ ਹੀ ਬਰਖਾਸਤ ਕਰ ਦਿੱਤਾ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ, ਪਰ ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਸਭ ਨੂੰ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਬਾਹਰ ਕੀਤਾ।