ਸੰਗਰੂਰ: ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਹੱਦਾਂ ਤੇ ਕਿਸਾਨੀ ਸੰਘਰਸ਼ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਹੁਣ ਅੱਠ ਮਾਰਚ ਨੂੰ ਮਹਿਲਾ ਦਿਵਸ ਮਹਿਲਾਵਾਂ ਨਾਲ ਮਨਾਇਆ ਜਾਵੇਗਾ। ਪੰਜਾਬ ਤੋਂ ਅੱਜ ਵੱਡੀ ਗਿਣਤੀ ਕਿਸਾਨ ਦਿੱਲੀ ਲਈ ਰਵਾਨਾ ਹੋ ਰਹੇ ਹਨ ਤੇ ਕੱਲ੍ਹ ਨੂੰ ਦਿੱਲੀ ਵਿੱਚ ਸਟੇਜਾਂ ਸੰਭਾਲ਼ਣਗੇ। ਹੁਣ ਦਿੱਲੀ ਸਰਹੱਦਾਂ ਤੇ ਅਨੋਖਾ ਪ੍ਰਦਰਸ਼ਨ ਹੋਵੇਗਾ।


ਪੰਜਾਬ ਤੋਂ ਰਵਾਨਾ ਹੋਈਆਂ ਮਹਿਲਾਵਾਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕੌਮਾਂਤਰੀ ਔਰਤ ਦਿਹਾੜਾ ਮਨਾਉਣਗੀਆਂ। ਟਿੱਕਰੀ ਬਾਰਡਰ ਤੇ ਨਜ਼ਾਰਾ ਦੇਖਣਯੋਗ ਹੋਵੇਗਾ ਕਿਉਂਕਿ ਇੱਥੇ ਕਰੀਬ ਇਕ ਲੱਖ ਮਹਿਲਾਵਾਂ ਕੇਸਰੀ ਚੁੰਨੀ ਲੈ ਕੇ ਸਟੇਜ ਦੀ ਕਾਰਵਾਈ ਆਪਣੇ ਹੱਥਾਂ ਵਿੱਚ ਲੈਣਗੀਆਂ। ਦਿੱਲੀ ਚ ਪਹੁੰਚ ਪੰਜਾਬ ਦੀਆਂ ਔਰਤਾਂ ਸਿਰਫ ਦੇਸ਼ ਦੀ ਸਰਕਾਰ ਹੀ ਨਹੀਂ ਸਗੋਂ ਵਿਦੇਸ਼ਾਂ ਤਕ ਆਪਣੀ ਆਵਾਜ਼ ਪਹੁੰਚਾਉਣਗੀਆਂ।


ਕਿਸਾਨ ਮਹਿਲਾਵਾਂ ਨੇ ਕਿਹਾ ਕਿ ਅਸੀਂ ਹੁਣ ਬੀਜੇਪੀ ਨੂੰ ਆਪਣੇ ਪਿੰਡਾਂ ਚ ਵੜਨ ਨਹੀਂ ਦੇਵਾਂਗੀਆਂ। ਉਨ੍ਹਾਂ ਕਿਹਾ ਵਿਰੋਧ ਤੇਜ਼ ਹੋਵੇਗਾ। ਸਾਡੇ ਢਾਈ ਸੌ ਤੋਂ ਜ਼ਿਆਦਾ ਕਿਸਾਨ ਭਰਾ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਨੂੰ ਕੋਈ ਪ੍ਰਵਾਹ ਹੀ ਨਹੀਂ ਪਰ ਢਾਈ ਸੌ ਵੋਟ ਕਿਸ ਨੂੰ ਦੇਣੀ ਹੈ, ਇਸ ਦਾ ਫਰਕ ਜ਼ਰੂਰ ਪੈਂਦਾ ਹੈ।


ਕਿਸਾਨ ਲੀਡਰ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਸੰਗਰੂਰ ਦੇ ਖਨੌਰੀ ਤੇ ਡੱਬਵਾਲੀ ਤੋਂ ਮਹਿਲਾਵਾਂ ਦਿੱਲੀ ਰਵਾਨਾ ਹੋ ਰਹੀਆਂ ਹਨ। ਉਂਨਾਂ ਕਿਹਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਕੇਰਲ, ਯੂਪੀ ਤੇ ਹਰਿਆਣਾ ਵਿੱਚ ਕਿਸਾਨ ਆਪਣਾ ਦਮ ਦਿਖਾ ਦੇਣਗੇ ਤੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲਈ ਮਜਬੂਰ ਹੋਣਾ ਪਵੇਗਾ।


ਵੱਡੇ ਜਥੇ ਦੇ ਨਾਲ ਦਿੱਲੀ ਜਾਣ ਵਾਲੀਆਂ ਮਹਿਲਾਵਾਂ ਨੇ ਕਿਹਾ ਕਿ ਅਸੀਂ ਜਦੋਂ ਤਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤਕ ਡਟੀਆਂ ਰਹਾਂਗੀਆਂ।