ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਪ੍ਰਭਾਵ ਕਰਕੇ ਸਿਆਸੀ ਲੀਡਰ ਚੋਣਾਂ ਲੜਨ ਤੋਂ ਕਿਨਾਰਾ ਕਰਨ ਲੱਗੇ ਹਨ। ਪਹਿਲਾਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਕਈ ਲੀਡਰਾਂ ਨੇ ਬੀਜੇਪੀ ਦੀ ਟਿਕਟ 'ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤੀ ਸੀ ਤੇ ਹੁਣ ਅਕਾਲੀ ਦਲ ਦੀ ਮਹਿਲਾ ਲੀਡਰ ਤੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਵੀ ਅਗਾਮੀ ਵਿਧਾਨ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।

ਬੀਬੀ ਲੂੰਬਾ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਰਹੇ ਹਨ। ਉਹ ਪਾਰਟੀ ਦੀ ਹਲਕਾ ਇੰਚਾਰਜ ਵੀ ਹਨ। ਹੁਣ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਚੋਣ ਨਹੀਂ ਲੜਨਗੇ। ਉਨ੍ਹਾਂ ਦੱਸਿਆ ਕਿ ਸ਼ੁਤਰਾਣਾ ਤੋਂ ਅਗਲੀ ਚੋਣ ਨਾ ਲੜਣ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਜਾਣੂ ਕਰਵਾ ਦਿੱਤਾ ਹੈ।

ਬੀਬੀ ਲੂੰਬਾ ਨੇ ਕਿਹਾ ਹੈ ਕਿ ਅਜੋਕੀ ਰਾਜਨੀਤੀ ਦਾ ਮਿਆਰ ਇੰਨਾ ਡਿੱਗ ਗਿਆ ਹੈ ਕਿ ਉਨ੍ਹਾਂ ਦਾ ਹੁਣ ਸਿਆਸਤ ’ਚ ਦਮ ਘੁੱਟ ਰਿਹਾ ਸੀ। ਉਨ੍ਹਾਂ ਇਹ ਵੀ ਆਖਿਆ ਕਿ ਕਿਸਾਨ ਸੜਕਾਂ ’ਤੇ ਹਨ ਤੇ ਉਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਸਿਆਸੀ ਲੋਕਾਂ ਨੂੰ 1992 ਦੀ ਤਰਜ਼ ’ਤੇ ਚੋਣਾਂ ਦਾ ਬਾਈਕਾਟ ਕਰਨ ਦੀ ਸਲਾਹ ਦਿੱਤੀ। ਉਂਝ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਅਕਾਲੀ ਦਲ ਨਾਲ ਡਟ ਕੇ ਖੜ੍ਹੇ ਹਨ।