ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਅੱਜ ਦਲਬੀਰ ਢਿੱਲਵਾਂ ਕਤਲ ਕੇਸ ਵਿੱਚ ਮੁੜ ਪ੍ਰੈੱਸ ਕਾਨਫਰੰਸ ਕਰਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਵੱਡੇ ਇਲਜ਼ਾਮ ਲਾਏ ਹਨ। ਮਜੀਠੀਆ ਨੇ ਕਿਹਾ ਹੈ ਕਿ ਰੰਧਾਵਾ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਜੱਗੂ ਗੈਂਗ ਵੱਲੋਂ ਲੁੱਟਾਂ-ਖੋਹਾਂ, ਫਿਰੌਤੀਆਂ ਤੇ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਮੰਤਰੀ ਰੰਧਾਵਾ ਉਨ੍ਹਾਂ ਦਾ ਸਿਆਸੀ ਗੁਰੂ ਹੈ। ਉਨ੍ਹਾਂ ਕਿਹਾ ਕਿ ਸੁੁੱਖੀ-ਜੱਗੂ ਦੀ ਜੋੜੀ ਥੜੱਲੇ ਨਾਲ ਨਾਜਾਇਜ਼ ਕੰਮ ਕਰ ਰਹੀ ਹੈ।

ਮਜੀਠੀਆ ਨੇ ਕੁਝ ਤਸਵੀਰਾਂ ਤੇ ਫੇਸਬੁੱਕ ਪੋਸਟਾਂ ਮੀਡੀਆ ਨੂੰ ਵਿਖਾਉਂਦਿਆਂ ਦਾਅਵਾ ਕੀਤਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਭਰਾ ਮੰਨੂ ਭਗਵਾਨਪੁਰੀਆ ਵੱਲੋਂ ਵਿਦੇਸ਼ ਵਿੱਚ ਕਬੱਡੀ ਕਲੱਬ ਬਣਾ ਕੇ ਕਾਰੋਬਾਰ ਚਲਾ ਰਹੇ ਹਨ। ਕੋਈ ਕਬੱਡੀ ਖਿਡਾਰੀ ਉਨ੍ਹਾਂ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦਾ। ਇਸ ਸਭ ਵਿੱਚ ਰੰਧਾਵਾ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਕੇਸ ਦਰਜ ਕੀਤਾ ਜਾਵੇ। ਮਜੀਠੀਆ ਨੇ ਐਲਾਨ ਕੀਤਾ ਕਿ ਹੁਣ ਅਕਾਲੀ ਦਲ ਚੁੱਪ ਕਰਕੇ ਨਹੀਂ ਬੈਠੇਗਾ। ਇਸ ਮਾਮਲੇ ਨੂੰ ਹਾਈਕੋਰਟ ਤੱਕ ਲਿਜਾਇਆ ਜਾਏਗਾ।

ਮਜੀਠੀਆ ਨੇ ਇਸ ਸਾਰੇ ਮਾਮਲੇ ਦੀ ਸੀਬੀਆਈ, ਐਨਆਈਏ ਜਾਂ ਫਿਰ ਕਿਸੇ ਸਿਟਿੰਗ ਜੱਜ ਜਾਂ ਆਜ਼ਾਦ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਹਾਈਕੋਰਟ ਦੀ ਮੋਨੀਟਰਿੰਗ ਕਮੇਟੀ ਤੋਂ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਸੋਮਵਾਰ ਸ਼ਾਮ ਪੰਜ ਵਜੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਮੀਟਿੰਗ ਵਿੱਚ ਅਗਲੀ ਰਣਨੀਤੀ ਉਲੀਕੀ ਜਾਏਗੀ।

ਯਾਦ ਰਹੇ ਦਲਬੀਰ ਢਿੱਲਵਾਂ ਕਤਲ ਕੇਸ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਲਈ ਅਕਾਲੀ ਦਲ ਨੇ ਕਮਰਕੱਸ ਲਈ ਹੈ। ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕਰਕੇ ਦਲਬੀਰ ਕਤਲ ਕੇਸ ਨੂੰ ‘ਸਿਆਸੀ ਕਤਲ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਚਐਲ ਦੱਤੂ ਨੂੰ ਲਿਖੀ ਚਿੱਠੀ ਵਿੱਚ ਅਕਾਲੀ ਦਲ ਪ੍ਰਧਾਨ ਨੇ ਅਪੀਲ ਕੀਤੀ ਕਿ ਕਮਿਸ਼ਨ ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਤੁਰੰਤ ਹੁਕਮ ਦੇ ਕੇ ਪੀੜਤ ਪਰਿਵਾਰ ਦੇ ਬਿਆਨ ਕਲਮਬੰਦ ਕਰਵਾਉਣ ਤੇ ਇਨ੍ਹਾਂ ਬਿਆਨਾਂ ਨੂੰ ਐਫਆਈਆਰ ਵਿਚ ਤਬਦੀਲ ਕਰਨ ਦਾ ਨਿਰਦੇਸ਼ ਦੇਣ।

ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਹਮਲਾਵਰਾਂ ਨੇ ਦਲਬੀਰ ਨੂੰ 15 ਗੋਲੀਆਂ ਮਾਰੀਆਂ ਤੇ ਉਸ ਦੀਆਂ ਦੋਵੇਂ ਲੱਤਾਂ ਵੀ ਵੱਢ ਦਿੱਤੀਆਂ ਸਨ। ਇਸ ਦੇ ਬਾਵਜੂਦ ਅਜੇ ਤਕ ਨਾ ਤਾਂ ਕੋਈ ਹਮਲਾਵਰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਪੀੜਤ ਪਰਿਵਾਰ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਸੁਖਬੀਰ ਨੇ ਕਿਹਾ ਕਿ ਇਸ ਕਾਂਡ ਨੂੰ ਵਾਪਰਿਆਂ ਚਾਰ ਦਿਨ ਤੋਂ ਵੱਧ ਹੋ ਚੁੱਕੇ ਹਨ ਤੇ ਪੀੜਤ ਪਰਿਵਾਰ ਅਜੇ ਤਕ ਆਪਣਾ ਬਿਆਨ ਦਰਜ ਕਰਵਾਉਣ ਵਾਸਤੇ ਖੱਜਲ ਖੁਆਰ ਹੋ ਰਿਹਾ ਹੈ