ਗੁਰਦਾਸਪੁਰ: ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਹੰਗਾਮੇ 'ਤੇ ਹੰਗਾਮਾ ਹੁੰਦਾ ਰਿਹਾ। ਪਹਿਲਾਂ ਹਰਸਿਮਰਤ ਬਾਦਲ ਦੇ ਭਾਸ਼ਣ ਦੌਰਾਨ ਪੰਡਾਲ ਵਿੱਚ ਹੰਗਾਮਾ ਹੋਇਆ ਤੇ ਬਾਅਦ ਵਿੱਚ ਸੁਨੀਲ ਜਾਖੜ ਦੇ ਸੰਬੋਧਨ ਦੌਰਾਨ ਵਿਰੋਧ ਵਿੱਚ ਅਕਾਲੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਪੰਡਾਲ ਵਿੱਚੋਂ ਵਾਕਆਊਟ ਕਰ ਦਿੱਤਾ।

ਦਰਅਸਲ, ਸੁਨੀਲ ਜਾਖੜ ਨੇ ਅਕਾਲੀ ਦਲ 'ਤੇ ਪੰਜਾਬ ਨੂੰ ਨਸ਼ੇ ਵਿੱਚ ਧੱਕਣ ਦਾ ਇਲਜ਼ਾਮ ਲਾਉਂਦਿਆਂ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਨਾ ਬਖ਼ਸ਼ਣ ਦੀ ਗੱਲ ਕਹੀ ਤਾਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਜੀਠੀਆ ਦੀ ਅਗਵਾਈ ਵਿੱਚ ਕਈ ਯੂਥ ਅਕਾਲੀ ਲੀਡਰ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੰਡਾਲ 'ਚੋਂ ਬਾਹਰ ਚਲੇ ਗਏ।

ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਦੌਰਾਨ ਹੰਗਾਮਾ ਹੋਇਆ ਸੀ। ਉਦੋਂ ਅਕਾਲੀਆਂ ਨੇ ਹਰਸਿਮਰਤ ਤੇ ਕਾਂਗਰਸੀਆਂ ਨੇ ਆਪਣੀ ਪਾਰਟੀ ਦੇ ਪੱਖ ਵਿੱਚ ਨਾਅਰੇਬਾਜ਼ੀ ਕਰ ਦਿੱਤੀ ਸੀ। ਹਰਸਿਮਰਤ ਨੇ ਚੁਰਾਸੀ ਕਤਲੇਆਮ ਵਿੱਚ ਕਾਂਗਰਸੀਆਂ ਦਾ ਨਾਂ ਲਏ ਬਗੈਰ ਵੱਡੇ ਮਗਰਮੱਛਾਂ ਨੂੰ ਫਾਹੇ ਲਾਉਣ ਦੀ ਗੱਲ ਕੀਤੀ ਸੀ ਤਾਂ ਉਸ ਵੇਲੇ ਸੁਖਜਿੰਦਰ ਰੰਧਾਵਾ ਨੇ ਸਖ਼ਤ ਇਤਰਾਜ਼ ਕੀਤਾ ਸੀ ਤੇ ਕੈਪਟਨ ਨੂੰ ਇਸ ਦਾ ਉਲਾਂਭਾ ਵੀ ਦਿੱਤਾ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕੁਝ ਵੀ ਨਹੀਂ ਬੋਲਿਆ ਤਾਂ ਸੁਨੀਲ ਜਾਖੜ ਨੇ ਇਸ ਦਾ ਮੋੜ ਦਿੱਤਾ।