ਅੰਮ੍ਰਿਤਸਰ: ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬੀਤੀ ਸੱਤ ਸਤੰਬਰ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਮੰਗ ਪੱਤਰ ਦੇਣ ਜਾਂਦੇ ਪੱਤਰਕਾਰ ਭਾਈਚਾਰੇ ’ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਕਰਮੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਚੰਡੀਗੜ੍ਹ ਪੰਜਾਬ ਜਨਰਲਿਸਟਸ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤੇ ਹਾਲ ਗੇਟ ਵਿਚ ਧਰਨਾ ਲਾਉਣ ਤੋਂ ਬਾਅਦ ਮਜੀਠੀਏ ਦਾ ਦਸ ਸਿਰਾਂ ਵਾਲਾ ਪੁਤਲਾ ਸਾੜਿਆ।
ਇਸ ਮੌਕੇ ਪੱਤਰਕਾਰ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਭਾਜਪਾ ਸਰਕਾਰ ਦਾ ਬਾਈਕਾਟ ਕੀਤਾ ਜਾਵੇ ਅਤੇ ਕੋਈ ਪੱਤਰਕਾਰ ਇਸ ਗਠਜੋੜ ਨੂੰ ਵੋਟ ਨਾ ਪਾਵੇ। ਐਸੋਸੀਏਸ਼ਨ ਦੇ ਮੈਂਬਰ ਸਥਾਨਕ ਸਰਕਟ ਹਾਊਸ ਤੋਂ ਹਾਲ ਗੇਟ ਤਕ ਨਾਅਰੇਬਾਜ਼ੀ ਕਰਦੇ ਪੁੱਜੇ। ਜਦੋਂ ਇਹ ਕਾਫਲਾ ਹਾਲ ਗੇਟ ਵਿਚ ਪੁੱਜਾ ਜਿਥੇ ਕਰੀਬ ਡੇਢ ਘੰਟਾ ਟਰੈਫਿਕ ਦਾ ਇੱਕ ਹਿੱਸਾ ਬੰਦ ਰਿਹਾ।
ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਪੁਲੀਸ ਅਧਿਕਾਰੀਆ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਤੇ ਬਿਕਰਮ ਸਿੰਘ ਮਜੀਠੀਏ ਨੇ ਜਨਤਕ ਤੌਰ ‘ਤੇ ਮੁਆਫੀ ਨਾ ਮੰਗੀ ਤਾਂ ਨਵੰਬਰ ਦੇ ਪਹਿਲੇ ਹਫਤੇ ਸਾਰੀਆਂ ਸਿਆਸੀ ਤੇ ਗੈਰ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਵੱਡਾ ਧਰਨਾ ਦੇ ਕੇ ਰੇਲ ਤੇ ਸੜਕ ਮਾਰਗ ਵੀ ਬੰਦ ਕਰ ਦਿੱਤੇ ਜਾਣਗੇ।