ਗੈਂਗਵਾਰ ਨੇ ਉਜਾੜਿਆ ਇੱਕ ਹੋਰ ਘਰ, ਸਰੀ 'ਚ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕਤਲ
ਏਬੀਪੀ ਸਾਂਝਾ | 04 Feb 2019 10:09 AM (IST)
ਵੈਨਕੂਵਰ: ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਕੁਝ ਹਫਤਿਆਂ ਦੀ ਸ਼ਾਂਤੀ ਤੋਂ ਬਾਅਦ ਬਦਮਾਸ਼ਾਂ ਨੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਖੱਖ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸੀ ਤੇ ਬਦਮਾਸ਼ਾਂ ਦੇ ਗਰੋਹ ਦਾ ਮੈਂਬਰ ਵੀ ਸੀ। ਬਿਕਰਮ 'ਤੇ ਪਿਛਲੇ ਮਹੀਨੇ ਰਿਚਮੰਡ ਵਿੱਚ ਵੀ ਕਾਤਲਾਨਾ ਹਮਲਾ ਹੋਇਆ ਸੀ, ਜਿਸ ’ਚ ਉਹ ਵਾਲ-ਵਾਲ ਬਚ ਗਿਆ ਸੀ। ਜਾਂਚ ਟੀਮ ਦੇ ਬੁਲਾਰੇ ਕਾਰਪੋਰਲ ਫਰੈਂਕ ਜੰਗ ਅਨੁਸਾਰ ਸ਼ਾਮ ਵੇਲੇ 139 ਸਟਰੀਟ ਅਤੇ 58ਏ ਐਵੇਨਿਊ ਸਥਿਤ ਘਰ 'ਤੇ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲੀਸ ਜਦੋਂ ਉੱਥੇ ਪਹੁੰਚੀ ਤਾਂ ਬਿਕਰਮਜੀਤ ਗੰਭੀਰ ਜ਼ਖ਼ਮੀ ਹਾਲਤ ’ਚ ਉੱਥੇ ਪਿਆ ਸੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਉੱਥੋਂ ਦੋ ਕਿਲੋਮੀਟਰ ਦੂਰ ਕੋਲ ਬਰੁੱਕ ਰੋਡ ਉਤੇ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਉਸ ਕਾਰ ਨੂੰ ਅੱਗ ਸਬੂਤ ਮਿਟਾਉਣ ਲਈ ਲਾਈ ਗਈ ਹੋ ਸਕਦੀ ਹੈ।