ਸਾਵਧਾਨ! ਹੁਣ ਸੋਚ-ਸਮਝ ਕੇ ਮਰੋੜਿਓ ਮੁਰਗਾ
ਏਬੀਪੀ ਸਾਂਝਾ | 21 Oct 2016 05:10 PM (IST)
ਨਵੀਂ ਦਿੱਲੀ: ਡੇਂਗੂ ਤੇ ਚਿਕਨਗੁਨੀਆ ਤੋਂ ਬਾਅਦ ਹੁਣ ਬਰਡ ਫਲੂ ਦੇ ਵਾਇਰਸ ਦੀ ਦਹਿਸ਼ਤ ਹੈ। ਦਿੱਲੀ ਤੋਂ ਬਾਅਦ ਮੱਧ ਪ੍ਰਦੇਸ਼ ਤੇ ਪੰਜਾਬ ਵਿੱਚ ਵੀ ਬਰਡ ਫਲੂ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਕੋਰਟ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਹੈ ਕਿ ਚਿਕਨਗੁਨੀਆ ਤੇ ਡੇਂਗੂ ਘੱਟ ਹੋ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਰਾਮ ਨਾਲ ਬੈਠ ਜਾਓ। ਗਵਾਲੀਅਰ ਦੇ ਚਿੜਿਆਘਰ ਵਿੱਚ 48 ਘੰਟਿਆਂ ਵਿੱਚ 15 ਪੰਛੀਆਂ ਦੀ ਮੌਤ ਦੀ ਖਬਰ ਨਾਲ ਬਰਡ ਫਲੂ ਦੇ ਜਾਨਲੇਵਾ ਵਾਇਰਸ ਦੇ ਪੈਰ ਪਸਾਰਣ ਦੇ ਸੰਕੇਤ ਮਿਲੇ ਹਨ। ਹਾਲਾਂਕਿ ਇਨ੍ਹਾਂ ਦੀ ਮੌਤ ਦਾ ਕਾਰਨ ਬਰਡ ਫਲੂ ਹੀ ਹੈ, ਇਹ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋਏਗਾ। ਗਵਾਲੀਅਰ ਜੂ ਵਿੱਚ ਪਸ਼ੂ-ਪੰਛੀਆਂ ਦੇ ਪਿੰਜਰਿਆਂ ਨੇੜੇ ਲੋਕਾਂ ਦੇ ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਜੇਕਰ ਬਰਡ ਫਲੂ ਨਾਲ ਹੀ ਮੌਤ ਦੀ ਪੁਸ਼ਟੀ ਹੋਈ ਤਾਂ ਚਿੜਿਆਘਰ ਬੰਦ ਹੋ ਸਕਦਾ ਹੈ। ਦਰਅਸਲ ਸਭ ਤੋਂ ਪਹਿਲਾਂ ਬਰਡ ਫਲੂ ਦੇ ਨਿਸ਼ਾਨ ਦਿੱਲੀ ਦੇ ਚਿੜਿਆਘਰ ਵਿੱਚ ਦੇਖੇ ਗਏ।